ਸ੍ਰੀ ਆਨੰਦਪੁਰ ਸਾਹਿਬ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਮਹੱਤਵਪੂਰਨ ਐਲਾਨ ਕੀਤੇ ਹਨ। ਉਨ੍ਹਾਂ ਐਲਾਨ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਇੱਕ ਵਿਸ਼ਵ ਪੱਧਰੀ ਯੂਨੀਵਰਸਿਟੀ ਬਣਾਈ ਜਾਵੇਗੀ। ਅੰਮ੍ਰਿਤਸਰ ਸਾਹਿਬ, ਤਲਵੰਡੀ ਸਾਬੋ ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਸ਼ਰਧਾਲੂਆਂ ਲਈ ਪੂਰੀ ਤਰ੍ਹਾਂ ਮੁਫ਼ਤ ਬੱਸ ਅਤੇ ਆਟੋ ਸੇਵਾਵਾਂ ਚਲਾਈਆਂ ਜਾਣਗੀਆਂ, ਜਿਸ ਦਾ ਸਾਰਾ ਖਰਚਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ।

ਇਕ ਵੱਡਾ ਐਲਾਨ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਵਿੱਚ ਇੱਕ ਨਵੀਂ ਵਿਰਾਸਤੀ ਗਲੀ (ਹੇਰਿਟੇਜ ਸਟਰੀਟ) ਵਿਕਸਤ ਕੀਤੀ ਜਾਵੇਗੀ ਜੋ ਸ਼ਹਿਰ ਦੇ ਸੱਭਿਆਚਾਰ ਅਤੇ ਇਤਿਹਾਸਕ ਮਹੱਤਵ ਨੂੰ ਦਰਸਾਏਗੀ ਅਤੇ ਨਾਲ ਹੀ ਆਧੁਨਿਕ ਸਹੂਲਤਾਂ ਵੀ ਪ੍ਰਦਾਨ ਕਰੇਗੀ। ਇਸਦਾ ਉਦੇਸ਼ ਇਸ ਪਵਿੱਤਰ ਸ਼ਹਿਰ ਦੀ ਵਿਰਾਸਤ, ਸੱਭਿਆਚਾਰ ਅਤੇ ਇਤਿਹਾਸਕ ਮਹੱਤਤਾ ਨੂੰ ਆਧੁਨਿਕ ਸਹੂਲਤਾਂ ਨਾਲ ਇੱਕ ਆਕਰਸ਼ਕ ਅਤੇ ਆਰਾਮਦਾਇਕ ਤਰੀਕੇ ਨਾਲ ਜੋੜਨਾ ਹੈ। ਇਹ ਪ੍ਰੋਜੈਕਟ ਸ਼ਹਿਰ ਵਿੱਚ ਧਾਰਮਿਕ ਸੈਰ-ਸਪਾਟੇ ਨੂੰ ਵੀ ਹੁਲਾਰਾ ਦੇਵੇਗਾ। ਸ਼ਹਿਰ ਵਿੱਚ ਸਰਕਾਰੀ ਦੁਕਾਨਾਂ ਨੂੰ ਇੱਕਸਾਰ ਦਿੱਖ ਵਿੱਚ ਵਿਕਸਤ ਕੀਤਾ ਜਾਵੇਗਾ। ਤਾਂ ਜੋ ਪੂਰੇ ਪਵਿੱਤਰ ਸ਼ਹਿਰ ਦਾ ਰੂਪ ਇਕਸਾਰ, ਆਕਰਸ਼ਕ ਅਤੇ ਵਿਰਾਸਤੀ ਥੀਮ ਦੇ ਅਨੁਸਾਰ ਦਿਖਾਈ ਦੇਵੇ।

ਉਨ੍ਹਾਂ ਅੱਗੇ ਕਿਹਾ ਕਿ ਚਰਨ ਗੰਗਾ ਸਟੇਡੀਅਮ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਅਪਗ੍ਰੇਡ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੇ ਧਾਰਮਿਕ/ਸੱਭਿਆਚਾਰਕ ਪ੍ਰੋਗਰਾਮਾਂ ਅਤੇ ਖੇਡ ਗਤੀਵਿਧੀਆਂ ਨੂੰ ਆਧੁਨਿਕ ਪੱਧਰ ‘ਤੇ ਆਯੋਜਿਤ ਕੀਤਾ ਜਾ ਸਕੇ।

ਇਸ ਮੌਕੇ ਆਪਣੇ ਸੰਬੋਧਨ ਵਿੱਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ “ਸ਼ਤਾਬਦੀ ਸਮਾਰੋਹਾਂ ਦੌਰਾਨ, ਪੂਰੇ ਸ੍ਰੀ ਆਨੰਦਪੁਰ ਸਾਹਿਬ ਦੀ ਇੰਨੀ ਚੰਗੀ ਤਰ੍ਹਾਂ ਸਫਾਈ ਕੀਤੀ ਗਈ ਕਿ ਕੋਈ ਸਮੱਸਿਆ ਪੈਦਾ ਨਹੀਂ ਹੋਣ ਦਿੱਤੀ ਗਈ। ਪੰਜਾਬ ਸਰਕਾਰ ਵੱਲੋਂ ਡਰੋਨ ਸ਼ੋਅ ਸਮੇਤ ਕਈ ਪ੍ਰਬੰਧ ਕੀਤੇ ਗਏ। ਗੁਰੂ ਸਾਹਿਬ ਦਾ ਸਭ ਤੋਂ ਵੱਡਾ ਸੰਦੇਸ਼ ਸੀ ਇੱਕ ਓਂਕਾਰ। ਭਾਵ ਪਰਮਾਤਮਾ ਇੱਕ ਹੈ, ਪਰ ਉਸ ਤੱਕ ਪਹੁੰਚਣ ਦੇ ਰਸਤੇ ਬਹੁਤ ਸਾਰੇ ਹਨ। ਮੇਰਾ ਮੰਨਣਾ ਹੈ ਕਿ ਜੇ ਅਸੀਂ ਗੁਰੂ ਸਾਹਿਬ ਦੇ ਸੰਦੇਸ਼ ਨੂੰ ਸਿਰਫ਼ ਇੱਕ ਹਫ਼ਤੇ ਲਈ ਜਾਂ ਸਿਰਫ 24 ਘੰਟੇ ਲਈ ਵੀ ਮੰਨੀਏ ਤਾਂ ਪੂਰੀ ਦੁਨੀਆ ਵਿੱਚ ਸ਼ਾਂਤੀ ਆ ਜਾਵੇਗੀ।”