ਮੁੰਬਈ, 26 ਫਰਵਰੀ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸ੍ਰੀਲੰਕਾ ਵਿੱਚ ਹੋਣ ਵਾਲੀ ਨਿਦਾਹਸ ਟਰਾਫ਼ੀ ਟੀ-20 ਤ੍ਰਿਕੋਣੀ ਕ੍ਰਿਕਟ ਲੜੀ ਲਈ ਭਾਰਤੀ ਟੀਮ ਐਲਾਨੀ ਹੈ। ਇਸ ਦੌਰੇ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੰਮਰਾ ਅਤੇ ਹਾਰਦਿਕ ਪਾਂਡਿਆ ਨੂੰ ਆਰਾਮ ਦਿੱਤਾ ਗਿਆ ਹੈ। ਇਨ੍ਹਾਂ ਖਿਡਾਰੀਆਂ ਦੀ ਗ਼ੈਰ-ਮੌਜੂਦਗੀ ਵਿੱਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੂੰ ਕ੍ਰਮਵਾਰ ਕਪਤਾਨ ਤੇ ਉਪ ਕਪਤਾਨ ਬਣਾਇਆ ਗਿਆ ਹੈ।
ਭਾਰਤੀ ਟੀਮ ਵਿੱਚ ਵਿਕਟ ਕੀਪਰ ਵਜੋਂ ਕਰਨਾਟਕ ਦੇ ਦਿਨੇਸ਼ ਕਾਰਤਿਕ ਅਤੇ ਦਿੱਲੀ ਦੇ ਰਿਸ਼ਭ ਪੰਤ ਦੋ ਬਦਲ ਮੌਜੂਦ ਹਨ। ਤ੍ਰਿਕੋਣੀ ਲੜੀ ਕੋਲੰਬੋ ਵਿੱਚ ਛੇ ਮਾਰਚ ਤੋਂ ਸ਼ੁਰੂ ਹੋ ਰਹੀ ਹੈ, ਜਿਸ ਵਿੱਚ ਭਾਰਤ ਅਤੇ ਸ੍ਰੀਲੰਕਾ ਤੋਂ ਇਲਾਵਾ ਤੀਜਾ ਦੇਸ਼ ਬੰਗਲਾਦੇਸ਼ ਹੈ। ਸਾਰੇ ਮੈਚ ਸ੍ਰੀਲੰਕਾ ਦੀ ਰਾਜਧਾਨੀ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਜਾਣਗੇ। ਬੀਸੀਸੀਆਈ ਦੀ ਭਾਰਤੀ ਚੋਣ ਕਮੇਟੀ ਦੇ ਚੇਅਰਮੈਨ ਐਮਐਸਕੇ ਪ੍ਰਸਾਦ ਨੇ ਇਹ ਜਾਣਕਾਰੀ ਦਿੱਤੀ। ਪੰਤ, ਦੀਪਕ ਹੁੱਡਾ ਅਤੇ ਸ਼ੰਕਰ ਤੋਂ ਇਲਾਵਾ ਕਰਨਾਟਕ ਦੇ ਅਨੁਭਵੀ ਬੱਲੇਬਾਜ਼ ਲੋਕੇਸ਼ ਰਾਹੁਲ ਨੂੰ ਵੀ ਟੀਮ ਵਿੱਚ ਰੱਖਿਆ ਗਿਆ ਹੈ। ਬੰਮਰਾ ਅਤੇ ਭੁਵਨੇਸ਼ਵਰ ਦੀ ਗ਼ੈਰ-ਮੌਜੂਦਗੀ ਵਿੱਚ ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਜੈਦੇਵ ਉਨਾਦਕੱਟ ਅਤੇ ਸ਼ਰਦੁਲ ਠਾਕੁਰ ਨੂੰ ਸੌਂਪੀ ਗਈ ਹੈ, ਜਿਨ੍ਹਾਂ ਨੇ ਦੱਖਣੀ ਅਫਰੀਕਾ ਵਿਰੁੱਧ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੁਹੰਮਦ ਸਿਰਾਜ ਅਤੇ ਹਰਫ਼ਨਮੌਲਾ ਵਿਜੇ ਸ਼ੰਕਰ ਨੂੰ ਮੀਡੀਅਮ ਤੇਜ਼ ਗੇਂਦਬਾਜ਼ ਦੀ ਸ਼੍ਰੇਣੀ ਵਿੱਚ ਰੱਖਿਆ ਹੈ। ਹਾਲਾਂਕਿ ਫਿਰਕੀ ਗੇਂਦਬਾਜ਼ ਕੁਲਦੀਪ ਯਾਦਵ ਨੂੰ ਨਹੀਂ ਲਿਆ ਗਿਆ। ਉਸ ਦੀ ਥਾਂ ਤਾਮਿਲਨਾਡੂ ਦੇ ਵਸ਼ਿੰਗਟਨ ਸੁੰਦਰ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।