ਕਾਰਡਿਫ, 6 ਜੂਨ
ਸਾਬਕਾ ਕਪਤਾਨ ਮਹੇਲਾ ਜੈਵਰਧਨੇ ਨੇ ਵਿਸ਼ਵ ਕੱਪ ਵਿੱਚ ਸ੍ਰੀਲੰਕਾ ਦੀ ਬੱਲੇਬਾਜ਼ੀ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ 1996 ਦੀ ਚੈਂਪੀਅਨ ਟੀਮ ਨੂੰ ਚੰਗੀ ਬੱਲੇਬਾਜ਼ੀ ਕਰਨੀ ਹੋੇਵੇਗੀ, ਤਾਂ ਜੋ ਗੇਂਦਬਾਜ਼ ਦਬਾਅ ਵਿੱਚ ਨਾ ਆਉਣ। ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਮੈਚ ਵਿੱਚ ਸ੍ਰੀਲੰਕਾ 136 ਦੌੜਾਂ ’ਤੇ ਆਊਟ ਹੋ ਗਿਆ, ਜਦੋਂ ਕਿ ਅਫਗਾਨਿਸਤਾਨ ਨੇ ਉਸ ਨੂੰ 201 ਦੌੜਾਂ ਦੇ ਸਕੋਰ ’ਤੇ ਸਮੇਟ ਦਿੱਤਾ ਸੀ। ਜੈਵਰਧਨੇ ਨੇ ਆਈਸੀਸੀ ਲਈ ਆਪਣੇ ਕਾਲਮ ਵਿੱਚ ਕਿਹਾ, ‘‘ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ੍ਰੀਲੰਕਾ ਨੂੰ ਬਿਹਤਰ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਇੰਨੀ ਚੰਗੀ ਸ਼ੁਰੂਆਤ ਤੋਂ ਬਾਅਦ ਕੁਸਾਲ ਪਰੇਰਾ ਨੇ ਪਾਰੀ ਨੂੰ ਸੰਵਾਰਿਆ ਅਤੇ ਦੋ ਵੱਡੀਆਂ ਭਾਈਵਾਲੀਆਂ ਹੋਈਆਂ। ਇਸ ਤਰ੍ਹਾਂ ਮੱਧਕ੍ਰਮ ਨੂੰ ਟੁੱਟਦਾ ਦੇਖਣਾ ਦੁਖੀ ਕਰਨ ਵਾਲਾ ਸੀ। ’’ ਉਨ੍ਹਾਂ ਕਿਹਾ, ‘‘ਮੁਹੰਮਦ ਨਬੀ ਨੇ ਚੰਗੀ ਗੇਂਦਬਾਜ਼ੀ ਕੀਤੀ ਪਰ ਸਪਿੰਨਰਾਂ ਤੋਂ ਵਧੇਰੇ ਮਦਦ ਨਹੀਂ ਮਿਲ ਰਹੀ ਸੀ। ਸ੍ਰੀਲੰਕਾ ਨੇ ਮੱਧਕ੍ਰਮ ਵਿੱਚ ਜਿਸ ਤਰ੍ਹਾਂ ਵਿਕਟਾਂ ਗੁਆਈਆਂ, ਉਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੂੰ ਚੰਗਾ ਪ੍ਰਦਰਸ਼ਨ ਕਰ ਕੇ ਵਿਰੋਧੀ ਗੇਂਦਬਾਜ਼ਾਂ ’ਤੇ ਦਬਾਅ ਬਣਾਉਣਾ ਚਾਹੀਦਾ ਹੈ।’’ ਪਾਕਿਸਤਾਨ ਖ਼ਿਲਾਫ਼ ਅਗਲੇ ਮੈਚ ਸਬੰਧੀ ਉਨ੍ਹਾਂ ਕਿਹਾ, ‘‘ ਪਾਕਿਸਤਾਨ ਨਾਲ ਮੁਕਾਬਲਾ ਰੌਚਕ ਰਹੇਗਾ। ਨਿਊਜ਼ੀਲੈਂਡ ਖ਼ਿਲਾਫ਼ ਘੱਟ ਸਕੋਰ ਵਾਲੇ ਮੈਚ ਤੋਂ ਬਾਅਦ ਇਸ ਮੈਚ ਵਿੱਚ ਵੀ ਦੌੜਾਂ ਨਹੀਂ ਬਣੀਆਂ। ਉਮੀਦ ਹੈ ਅੱਗੇ ਅਸੀਂ ਵੱਡਾ ਸਕੋਰ ਬਣਾਵਾਂਗੇ।’’ ਜੈਵਰਧਨੇ ਨੇ ਕਿਹਾ ਕਿ ਸ੍ਰੀਲੰਕਾ ਦੀ ਬੱਲੇਬਾਜ਼ੀ ਵਿੱਚ ਆਤਮ ਵਿਸ਼ਵਾਸ ਦੀ ਘਾਟ ਨਜ਼ਰ ਆਈ।