ਕੋਲੰਬੋ, 11 ਜੁਲਾਈ
ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸਾ ਨੇ ਅਧਿਕਾਰਤ ਤੌਰ ’ਤੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੂੰ ਦੱਸਿਆ ਕਿ ਉਹ 13 ਜੁਲਾਈ ਨੂੰ ਅਸਤੀਫ਼ਾ ਦੇ ਦੇਣਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਰਾਜਪਕਸਾ ਨੇ ਅਸਤੀਫ਼ੇ ਦਾ ਐਲਾਨ ਅਜਿਹੇ ਸਮੇਂ ਵਿੱਚ ਕੀਤਾ ਹੈ ਜਦੋਂ ਪ੍ਰਦਰਸ਼ਨਕਾਰੀ ਮੁਲਕ ਦੇ ਗੰਭੀਰ ਆਰਥਿਕ ਸੰਕਟ ਨਾਲ ਸਿੱਝਣ ਵਿਚ ਨਾਕਾਮ ਰਹਿਣ ’ਤੇ ਉਨ੍ਹਾਂ ਤੋਂ ਅਹੁਦਾ ਛੱਡਣ ਦੀ ਮੰਗ ਕਰਦਿਆਂ ਸ਼ਨਿਚਰਵਾਰ ਨੂੰ ਉਨ੍ਹਾਂ ਦੀ ਰਿਹਾਇਸ਼ੀ ਵਿੱਚ ਦਾਖਲ ਹੋ ਗਏ ਸਨ। ਇਸੇ ਦੌਰਾਨ ਰਾਸ਼ਟਰਪਤੀ ਸਕੱਤਰੇਤ ਨੇ ਅੱਜ ਕਿਹਾ ਕਿ ਰਾਸ਼ਟਰਪਤੀ ਗੋਟਾਬਾਯਾ ਰਾਜਪਕਸਾ ਵੱਲੋਂ ਜਾਰੀ ਕੋਈ ਵੀ ਬਿਆਨ ਸੰਸਦ ਦੇ ਸਪੀਕਰ ਰਾਹੀਂ ਹੀ ਜਾਰੀ ਕੀਤਾ ਜਾਵੇਗਾ। ਰਾਜਪਕਸਾ ਨੇ ਹਾਲੇ ਅਸਤੀਫ਼ਾ ਨਹੀਂ ਦਿੱਤਾ ਹੈ ਅਤੇ ਇਹ ਵੀ ਪਤਾ ਨਹੀਂ ਹੈ ਕਿ ਉਹ ਕਿੱਥੇ ਹਨ। ਹਾਲਾਂਕਿ ਰਾਸ਼ਟਰਪਤੀ ਸਕੱਤਰੇਤ ਵੱਲੋਂ ਰਾਸ਼ਟਰਪਤੀ ਰਾਜਪਕਸਾ ਦੇ ਬਿਆਨ ਉਸ ਸਮੇਂ ਵੀ ਜਾਰੀ ਕੀਤੇ ਜਾਂਦੇ ਰਹੇ ਹਨ ਜਦੋਂ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵੱਲੋਂ ਸ਼ਨਿਚਰਵਾਰ ਨੂੰ ਰਾਸ਼ਟਰਪਤੀ ਭਵਨ ’ਤੇ ਕਬਜ਼ਾ ਕਰਨ ਦੌਰਾਨ ਉਹ ਸਰਕਾਰੀ ਰਿਹਾਇਸ਼ ਛੱਡ ਕੇ ਚਲੇ ਗਏ ਸਨ। ਅਖਬਾਰ ‘ਇਕੌਨਮੀ ਨੈਕਸਟ’ ਰਾਸ਼ਟਰਪਤੀ ਸਕੱਤਰੇਤ ਦੇ ਹਵਾਲੇ ਨਾਲ ਇੱਕ ਬਿਆਨ ਵਿੱਚ ਕਿਹਾ, ‘‘ਰਾਸ਼ਟਰਪਤੀ ਗੋਟਾਬਾਯਾ ਰਾਜਪਕਸਾ ਵੱਲੋਂ ਜਾਰੀ ਸਾਰੇ ਬਿਆਨ ਸੰਸਦ ਦੇ ਸਪੀਕਰ ਵੱਲੋਂ ਉਨ੍ਹਾਂ ਨੂੰ ਸੂਚਨਾ ਦਿੱਤੇ ਜਾਣ ਮਗਰੋਂ ਹੀ ਜਾਰੀ ਕੀਤੇ ਜਾਣਗੇ।’’ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਪੀਕਰ ਵੱਲੋਂ ਜਾਰੀ ਸਾਰੇ ਐਲਾਨਾਂ ਨੂੰ ਹੀ ਰਾਸ਼ਟਰਪਤੀ ਵੱਲੋਂ ਜਾਰੀ ਅਧਿਕਾਰਤ ਐਲਾਨ ਵਜੋਂ ਮੰਨਿਆ ਜਾਵੇ।