ਹੈਦਰਾਬਾਦ, 12 ਅਗਸਤ
ਮੌਜੂਦਾ ਕੌਮੀ ਚੈਂਪੀਅਨ ਸੌਰਭ ਵਰਮਾ ਨੇ ਅੱਜ ਇੱਥੇ ਹੈਦਰਾਬਾਦ ਓਪਨ ਬੀਡਬਲਯੂਐੱਫ ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਸਿੰਗਾਪੁਰ ਦੇ ਲੋਹ ਕੀਨ ਯੀਅ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਮਹਿਲਾ ਡਬਲਜ਼ ਦੇ ਫਾਈਨਲ ਵਿੱਚ ਅਸ਼ਵਿਨੀ ਪੋਨੱਪਾ ਅਤੇ ਐੱਨ ਸਿੱਕੀ ਰੈਡੀ ਦੀ ਭਾਰਤੀ ਜੋੜੀ ਨੂੰ ਹਾਰ ਕਾਰਨ ਉਪ ਜੇਤੂ ਰਹਿ ਕੇ ਸਬਰ ਕਰਨਾ ਪਿਆ।
ਇਸ ਸਾਲ ਮਈ ਵਿੱਚ ਸਲੋਵੇਨੀਅਨ ਕੌਮਾਂਤਰੀ ਦੇ ਚੈਂਪੀਅਨ ਬਣੇ ਮੱਧ ਪ੍ਰਦੇਸ਼ ਦੇ 26 ਸਾਲ ਦੇ ਵਰਮਾ ਨੇ ਸ਼ਾਨਦਾਰ ਖੇਡ ਵਿਖਾਈ। ਉਸ ਨੇ ਵਿਸ਼ਵ ਦਰਜਾਬੰਦੀ ਵਿੱਚ 44ਵੇਂ ਸਥਾਨ ’ਤੇ ਕਾਬਜ਼ ਕੀਨ ਯੀਅ ਨੂੰ 52 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-13, 14-21, 21-16 ਨਾਲ ਹਰਾਇਆ। ਇੱਥੋਂ ਦੇ ਗਾਚੀਬਾਵਲੀ ਇੰਡੋਰ ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਜਿੱਤ ਮਗਰੋਂ ਸੌਰਭ ਨੇ ਕਿਹਾ, ‘‘ਮੈਂ ਇਸ ਹਫ਼ਤੇ ਆਪਣੀ ਕਾਰਗੁਜ਼ਾਰੀ ਤੋਂ ਕਾਫ਼ੀ ਖ਼ੁਸ਼ ਹਾਂ। ਪਿਛਲੇ ਗੇੜ ਦੇ ਮੁਕਾਬਲਿਆਂ ਵਿੱਚ ਮੈਂ ਸੰਘਰਸ਼ਮਈ ਜਿੱਤਾਂ ਦਰਜ ਕੀਤੀਆਂ ਅਤੇ ਫਿਰ ਫਾਈਨਲ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ।’’
ਅਸ਼ਵਿਨੀ ਅਤੇ ਸਿੱਕੀ ਦੀ ਸਿਖਰਲਾ ਦਰਜਾ ਪ੍ਰਾਪਤ ਮਹਿਲਾ ਡਬਲਜ਼ ਜੋੜੀ ਹਾਲਾਂਕਿ ਆਪਣਾ ਪਹਿਲਾ ਖ਼ਿਤਾਬ ਜਿੱਤਣ ਤੋਂ ਖੁੰਝ ਗਈ। ਭਾਰਤੀ ਜੋੜੀ ਨੂੰ ਬੇਅਕ ਹਾ ਨਾ ਅਤੇ ਜੰਗ ਕਿਯੁੰਗ ਇਯੁਨ ਦੀ ਕੋਰਿਆਈ ਜੋੜੀ ਨੇ 21-17, 21-17 ਨਾਲ ਹਰਾਇਆ।
ਇਸ ਤੋਂ ਪਹਿਲਾਂ ਸੌਰਭ ਨੇ ਚੰਗੀ ਸ਼ੁਰੂਆਤ ਕਰਦਿਆਂ 6-2 ਅਤੇ ਫਿਰ 11-4 ਦੀ ਲੀਡ ਕਾਇਮ ਕਰਕੇ ਆਸਾਨੀ ਨਾਲ ਪਹਿਲੀ ਗੇਮ 21-13 ਨਾਲ ਆਪਣੇ ਨਾਮ ਕੀਤੀ। ਦੂਜੀ ਗੇਮ ਵਿੱਚ ਵੀ ਭਾਰਤੀ ਖਿਡਾਰੀ ਨੇ 5-0 ਦੀ ਲੀਡ ਕਾਇਮ ਕੀਤੀ, ਪਰ ਕੀਨ ਯੀਅ ਨੇ ਪਹਿਲਾਂ 10-10 ਨਾਲ ਬਰਾਬਰੀ ਕੀਤੀ ਅਤੇ ਫਿਰ 14-13 ਦੀ ਲੀਡ ਹਾਸਲ ਕੀਤੀ। ਕੀਨ ਯੀਅ ਨੇ ਇਸ ਮਗਰੋਂ ਲਗਾਤਾਰ ਪੰਜ ਅੰਕ ਲੈ ਕੇ ਭਾਰਤੀ ਖਿਡਾਰੀ ਨੂੰ ਇਸ ਗੇਮ ਵਿੱਚ ਵਾਪਸੀ ਦਾ ਮੌਕਾ ਨਹੀਂ ਦਿੱਤਾ। ਇੱਕ-ਇੱਕ ਗੇਮ ਆਪਣੇ ਨਾਮ ਕਰਨ ਮਗਰੋਂ ਦੋਵਾਂ ਖਿਡਾਰੀਆਂ ਵਿਚਾਲੇ ਤੀਜੀ ਗੇਮ ਵਿੱਚ ਸਖ਼ਤ ਮੁਕਾਬਲਾ ਹੋਇਆ, ਜਿਸ ਵਿੱਚ ਬਰੇਕ ਸਮੇਂ ਸੌਰਭ 11-10 ਦੀ ਲੀਡ ਹਾਸਲ ਕਰਨ ਵਿੱਚ ਸਫਲ ਰਿਹਾ। ਬਰੇਕ ਮਗਰੋਂ ਉਹ ਕੀਨ ਯੀਅ ’ਤੇ ਲੀਡ ਦੇ ਫਾਸਲੇ ਨੂੰ ਵੱਧ ਕਰਨ ਵਿੱਚ ਸਫਲ ਰਿਹਾ ਅਤੇ 21-16 ਦੀ ਜਿੱਤ ਨਾਲ ਚੈਂਪੀਅਨ ਬਣਿਆ।
ਬੀਤੇ ਸਾਲ ਡੱਚ ਓਪਨ ਸੁਪਰ 100 ਅਤੇ ਰਸੀਅਨ ਓਪਨ ਸੁਪਰ 100 ਦਾ ਖ਼ਿਤਾਬ ਆਪਣੇ ਨਾਮ ਕਰਨ ਵਾਲੇ ਸੌਰਭ ਨੇ ਕਿਹਾ ਕਿ ਉਸ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਮਿਲਦੀ ਅਤੇ ਉਹ ਇਨ੍ਹਾਂ ਟੂਰਨਾਮੈਂਟ ਵਿੱਚ ਆਪਣੇ ਖ਼ਰਚੇ ’ਤੇ ਖੇਡਦਾ ਹੈ। ਉਸ ਨੇ ਕਿਹਾ, ‘‘ਮੇਰੇ ਕੋਲ ਕੋਈ ਸਪਾਂਸਰ ਜਾਂ ਮਦਦਗਾਰ ਨਹੀਂ ਹੈ। ਕੌਮੀ ਚੈਂਪੀਅਨ ਬਣਨ ਮਗਰੋਂ ਵੀ ਕੁੱਝ ਨਹੀਂ ਬਦਲਿਆ। ਮੈਂ ਹੁਣ ਵੀ ਟੂਰਨਾਮੈਂਟ ਵਿੱਚ ਖੇਡ ਰਿਹਾ ਹਾਂ, ਪਰ ਉਨ੍ਹਾਂ ਗੱਲਾਂ ਬਾਰੇ ਸੋਚਣ ਦਾ ਕੋਈ ਫ਼ਾਇਦਾ ਨਹੀਂ ਜੋ ਤੁਹਾਡੇ ਹੱਥ ਵਿੱਚ ਨਾ ਹੋਣ। ਮੈਂ ਫਿੱਟ ਰਹਿ ਕੇ ਆਪਣੀ ਖੇਡ ’ਤੇ ਧਿਆਨ ਦੇਣਾ ਚਾਹੁੰਦਾ ਹਾਂ।’’ –