ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਵਿਖੇ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੌਦਾ ਸਾਧ ਨੂੰ ਮੁਆਫ਼ੀ ਅਤੇ ਬੇਅਦਬੀ ਮਾਮਲੇ ਵਿਚ ਸਜ਼ਾ ਸੁਣਾਈ ਹੈ। ਜਥੇਦਾਰ ਰਘਬੀਰ ਸਿੰਘ ਨੇ ਦੱਸਿਆ ਕਿ ਸੱਟ ਲੱਗਣ ਕਾਰਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਦਰਬਾਰ ਸਾਹਿਬ ਦੇ ਕਲਾਕ ਟਾਵਰ ਦੇ ਬਾਹਰ ਡਿਊਟੀ ਕਰਨੀ ਹੈ। ਉਹ ਵ੍ਹੀਲਚੇਅਰ ‘ਤੇ ਬੈਠ ਕੇ ਇਹ ਡਿਊਟੀ ਨਿਭਾਉਣਗੇ।

ਇਸ ਦੌਰਾਨ ਉਸ ਦੇ ਗਲੇ ਵਿਚ ਤਖ਼ਤੀ ਅਤੇ ਹੱਥ ਵਿਚ ਬਰਛਾ ਹੋਵੇਗਾ। ਇਹ ਸਜ਼ਾ ਸੁਖਬੀਰ ਬਾਦਲ ਨੂੰ 2 ਦਿਨਾਂ ਲਈ ਦਿੱਤੀ ਗਈ ਹੈ। ਇਸ ਤੋਂ ਬਾਅਦ ਉਹ 2 ਦਿਨ ਸ੍ਰੀ ਕੇਸਗੜ੍ਹ ਸਾਹਿਬ, 2 ਦਿਨ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, 2 ਦਿਨ ਸ੍ਰੀ ਮੁਕਤਸਰ ਸਾਹਿਬ ਅਤੇ 2 ਦਿਨ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸੇਵਾਦਾਰ ਦਾ ਚੋਲਾ ਪਹਿਨ ਕੇ ਹੱਥਾਂ ਵਿੱਚ ਬਰਛਾ ਲੈ ਕੇ ਡਿਊਟੀ ਕਰਨਗੇ।

ਜਥੇਦਾਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਨ੍ਹਾਂ ਤਖ਼ਤ ਸਾਹਿਬਾਂ ਵਿੱਚ ਆਪਣੀ ਡਿਊਟੀ ਤੋਂ ਬਾਅਦ ਇੱਕ ਘੰਟਾ ਲੰਗਰ ਹਾਲ ਵਿੱਚ ਜਾ ਕੇ ਸੰਗਤਾਂ ਦੇ ਜੂਠੇ ਬਰਤਨ ਵੀ ਸਾਫ਼ ਕਰਨਗੇ। ਨਾਲ ਹੀ ਇੱਕ ਘੰਟਾ ਬੈਠ ਕੇ ਕੀਰਤਨ ਸਰਵਣ ਕਰਨਾ ਹੋਵੇਗਾ ਅਤੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੋਵੇਗਾ। ਜਥੇਦਾਰ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖਰ-ਏ-ਕੌਮ ਐਵਾਰਡ ਵਾਪਸ ਲੈ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ 2015 ਵਿੱਚ ਕੈਬਨਿਟ ਮੈਂਬਰ ਰਹੇ ਸਾਰੇ ਆਗੂ ਭਲਕੇ 3 ਦਸੰਬਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਹਰਿਮੰਦਰ ਸਾਹਿਬ ਦੇ ਬਾਥਰੂਮਾਂ ਦੀ ਸਫ਼ਾਈ ਕਰਨਗੇ। ਜਿਸ ਤੋਂ ਬਾਅਦ ਉਹ ਇਸ਼ਨਾਨ ਕਰ ਕੇ ਲੰਗਰ ਘਰ ਵਿੱਚ ਸੇਵਾ ਕਰਨਗੇ। ਉਪਰੰਤ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੋਵੇਗਾ। ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਖ਼ਤੀ ਪਹਿਨਾਈ ਵੀ ਜਾਵੇਗੀ। ਸੁਖਬੀਰ ਬਾਦਲ ਨੂੰ ਪਖਾਨੇ ਸਾਫ਼ ਕਰਨ ਦੀ ਸਜ਼ਾ ਤੋਂ ਛੋਟ ਦਿੱਤੀ ਗਈ ਹੈ ਕਿਉਂਕਿ ਉਨ੍ਹਾਂ ਦੀ ਲੱਤ ਦੀ ਹੱਟੀ ਟੁੱਟ ਗਈ ਸੀ ਅਤੇ ਉਹ ਵੀਲ੍ਹ ਚੇਅਰ ’ਤੇ ਹਨ।