ਮਨਜੀਤ ਨੂੰ ਵਿਆਹੀ ਆਈ ਨੂੰ ਕੁਝ ਮਹੀਨੇ ਹੋਏ ਸਨ। ਉਸ ਦੀ ਸੱਸ ਕੋਲ ਰੋਜ਼ਾਨਾ ਆਂਢ-ਗੁਆਂਢ ਦੀਆਂ ਔਰਤਾਂ ਦੀ ਕਾਫ਼ੀ ਰੌਣਕ ਰਹਿੰਦੀ। ਮਨਜੀਤ ਦੀ ਸੱਸ ਘਰ ਦਾ ਵੱਡਾ ਦਰਵਾਜ਼ਾ ਖੋਲ੍ਹ ਉੱਥੇ ਮੰਜਾ ਜਾਂ ਕੁਰਸੀ ਡਾਹ ਹੱਥ ਵਿੱਚ ਮਾਲਾ ਫੜ ਕੇ ਬੈਠੀ ਰਹਿੰਦੀ। ਆਉਣ ਜਾਣ ਵਾਲੀਆਂ ਆਂਢਣਾਂ-ਗੁਆਂਢਣਾਂ ਆਪਣਾ ਦਿਲ ਹੌਲਾ ਕਰਨ ਲਈ ਉੱਥੇ ਹੀ ਜੁੜੀਆਂ ਰਹਿੰਦੀਆਂ। ਪਹਿਲਾਂ ਪਹਿਲ ਮਨਜੀਤ ਨੂੰ ਆਪਣੀ ਸੱਸ ਦੀ ਇਹ ਗੱਲ ਅਜੀਬ ਜਾਪੀ, ਪਰ ਹੁਣ ਉਹ ਵੀ ਇਸ ਦੀ ਆਦੀ ਹੋ ਚੁੱਕੀ ਸੀ। ਬਹੁਤਾ ਕਰਕੇ ਮਨਜੀਤ ਉਨ੍ਹਾਂ ਦੀ ਗੱਲਾਂ ਵਿੱਚ ਕੋਈ ਰੁਚੀ ਨਾ ਦਿਖਾਉਂਦੀ ਅਤੇ ਵਿਹਲੇ ਸਮੇਂ ਵਿੱਚ ਆਪਣੇ ਕਮਰੇ ਵਿੱਚ ਬੈਠ ਕੇ ਕੋਈ ਕਿਤਾਬ ਪੜ੍ਹਦੀ ਜਾਂ ਟੀ.ਵੀ. ਦੇਖਦੀ ਰਹਿੰਦੀ।

ਅੱਜ ਤਾਂ ਗੁਆਂਢ ਦੀ ਮਿੰਦਰ ਤਾਈ ਨੂੰ ਉਨ੍ਹਾਂ ਦੇ ਘਰ ਆਇਆਂ ਦੋ ਘੰਟੇ ਹੋ ਚੱਲੇ ਸਨ। ਦੁਪਹਿਰ ਦਾ ਰੋਟੀ-ਟੁੱਕ ਕਰਨ ਲਈ ਜਦੋਂ ਮਨਜੀਤ ਰਸੋਈ ’ਚ ਜਾਣ ਲੱਗੀ ਤਾਂ ਮਿੰਦਰ ਤਾਈ ਨੂੰ ਹਾਲੇ ਤੱਕ ਉੱਥੇ ਬੈਠੀ ਦੇਖ ਕੇ ਹੈਰਾਨ ਹੋਈ। ਉਹ ਰਸੋਈ ਵਿੱਚ ਚਾਹ ਬਣਾਉਣ ਗਈ ਤਾਂ ਮਿੰਦਰ ਤਾਈ ਤੇ ਉਹਦੀ ਸੱਸ ਦੀਆਂ ਗੱਲਾਂ ਉਹਦੇ ਕੰਨਾਂ ਵਿਚ ਪੈਂਦੀਆਂ ਰਹੀਆਂ। ‘‘ਸਾਡੀ ਛੋਟੀ ਅਰਗੀ ਨੂੰਹ ਤਾਂ ਭਾਈ ਵੈਰੀ ਦੁਸ਼ਮਣ ਦੇ ਵੀ ਨਾ ਆਵੇ। ਇਉਂ ਰੋਅਬ ਮਾਰਦੀ ਐ ਜਿਵੇਂ ਮੇਰੀ ਸੱਸ ਹੋਵੇ। ਬਸ ਦਿਨ ਕਟੀਆਂ ਨੇ ਭੈਣੇ!’’ ਮਿੰਦਰ ਤਾਈ ਉਸ ਦੀ ਸੱਸ ਨੂੰ ਕਹਿ ਰਹੀ ਸੀ। ‘‘ਬੱਸ ਭੈਣੇ ਘਰ ਘਰ ਇਹੋ ਹਾਲ ਐ। ਕੋਈ ਕਹਿ ਦਿੰਦਾ ਤੇ ਕੋਈ ਮੇਰੇ ਅਰਗੀ ਵਿਚਾਰੀ ਚੁੱਪ ਬੈਠੀ ਰਹਿੰਦੀ ਐ ਵਾਹਿਗੁਰੂ ਦਾ ਭਾਣਾ ਮੰਨ ਕੇ। ਸਾਡੀ ਕਿਹੜਾ ਅੰਦਰੋਂ ਨਿਕਲਦੀ ਐ ਸਾਰਾ ਦਿਨ। ਕੀੜਿਆਂ ਆਲੇ ਕੁੱਤੇ ਆਂਗੂ ਅੰਦਰੇ ਪਈ ਰਹੂ।’’ ਮਨਜੀਤ ਦੀ ਸੱਸ ਵੀ ਮਿੰਦਰ ਦੀਆਂ ਗੱਲਾਂ ਨਾਲ ਆਪਣੀ ਸੁਰ ਰਲਾ ਰਹੀ ਸੀ।

‘‘ਮੇਰੀਆਂ ਵੀ ਤਿੰਨ ਕੁੜੀਆਂ ਨੇ। ਦੇਖ ਲੈ! ਜੇ ਕਦੇ ਸੱਸ ਮੂਹਰੇ ਖੰਘੀਆਂ ਵੀ ਹੋਣ। ਭਾਈ! ਸਭ ਕੁਝ ਸੱਸ ਦੇ ਹੱਥ ਵੱਸ ਐ। ਹਿੱਸੇ ਵੀ ਲੈਣੇ ਐ। ਇੱਕ ਆਹ ਸਾਡੇ ਆਈਆਂ ਨੇ, ਸੱਸਾਂ ਬਣ ਬੈਠੀਆਂ ਨੇ। ਜਾਣੀ ਕੀ ਸੁੰਘਾਇਆ ਇਨ੍ਹਾਂ ਨੇ ਮੁੰਡਿਆਂ ਨੂੰ? ਬਸ ਰੱਬ ਦਾ ਨਾਂ ਲੈ ਕੇ ਲੰਘਾਈ ਜਾਨੀਆਂ।’’ ਮਿੰਦਰ ਨੇ ਫਿਰ ਨੂੰਹਾਂ ਦੀ ਬੁਰਾਈ ਦੀ ਕਸਰ ਨਾ ਛੱਡੀ। ‘‘ਅੱਜ ਦੇ ਟੈਮ ’ਚ ਰੋਟੀ ਮਿਲੀ ਜਾਂਦੀ ਐ, ਉਹੀ ਨਿਆਮਤ ਐ। ਸਾਡੀ ਬੁੜ੍ਹੀ ਦੇਖਲਾ, ਤੇਰੇ ਸਾਹਮਣੇ ਕਿੰਨਾ ਤੰਗ ਕਰਦੀ ਸੀ ਮੈਨੂੰ। ਫੇਰ ਕਿਹੜੇ ਹਾਲੀਂ ਮਰੀ। ਨਾਲੇ ਜੇ ਕੋਈ ਕਰੂ ਆਪੇ ਭਰੂ।’’ ਮਨਜੀਤ ਦੀ ਸੱਸ ਨੇ ਆਪਣੀ ਮਰੀ ਸੱਸ ਨੂੰ ਵੀ ਵਿਚ ਘੜੀਸ ਲਿਆ।

‘‘ਆਪਣੇ ਜ਼ਮਾਨੇ ਹੋਰ ਸੀ। ਅੱਜ ਦੀਆਂ ਦੀ ਤਾਂ ਜ਼ੁਬਾਨ ਹੀ ਬਹੁਤ ਲੰਮੀ ਐ। ਸਾਡੀ ਨਿੱਕੀ ਜਦੋਂ ਦੀ ਅੱਡ ਹੋਈ ਐ, ਸੁਖੀ ਵਸਦੀ ਐ। ਸੱਸ ਨੇ ਕਿੱਥੇ ਪੈਰ ਲੱਗਣ ਦੇਣੇ ਸੀ ਉਹਦੇ।’’ ਮਿੰਦਰ ਤਾਈ ਆਪਣੀਆਂ ਧੀਆਂ ਦੀਆਂ ਸੱਸਾਂ ਦੀ ਵੀ ਖਿੱਚ-ਧੂਹ ਕਰਨ ਲੱਗੀ। ‘‘ਹੇ ਵਾਹਿਗੁਰੂ! ਤੂੰ ਹੀ ਦੇਖੀਂ।’’ ਮਨਜੀਤ ਦੀ ਸੱਸ ਨੇ ਆਸਮਾਨ ਵੱਲ ਤੱਕ ਕੇ ਕਿਹਾ।

ਇੰਨੇ ਨੂੰ ਮਨਜੀਤ ਵੀ ਚਾਹ ਲੈ ਕੇ ਆ ਗਈ। ‘‘ਚੱਲ ਭੈਣੇ! ਆ ਚਾਹ ਪੀ। ਆਪਾਂ ਨੂੰ ਕੀ? ਜੋ ਕਰੂ, ਸੋ ਭਰੂ। ਨਾਲੇ ਆਪਣੇ ਤਾਂ ਬਾਬੇ ਨਾਨਕ ਨੇ ਕਿਹਾ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨੁ।’’ ਮਨਜੀਤ ਦੀ ਸੱਸ ਚਾਹ ਦੀ ਪਿਆਲੀ ਫੜਾਉਂਦੀ ਹੋਈ ਮਿੰਦਰ ਨੂੰ ਆਖ ਰਹੀ ਸੀ।

ਚਾਹ ਦੇ ਕੇ ਵਾਪਸ ਮੁੜ ਰਹੀ ਮਨਜੀਤ ਸੋਚ ਰਹੀ ਸੀ ਕਿ ਕੀ ਨੂੂੰਹਾਂ ਬਾਬੇ ਨਾਨਕ ਦੀਆਂ ਤੁਕਾਂ ਦੇ ਅਧੀਨ ਨਹੀਂ ਆਉਂਦੀਆਂ? ਆਪਣੀ ਸੱਸ ਦੇ ਕਹੇ ‘ਸੋ ਕਿਉ ਮੰਦਾ ਆਖੀਐ’ ਸ਼ਬਦ ਉਹਦੇ ਕੰਨਾਂ ਵਿੱਚ ਵਾਰ ਵਾਰ ਗੂੰਜ ਰਹੇ ਸਨ। ਰਸੋਈ ਵਿੱਚੋਂ ਉਹ ਆਪਣੀ ਸੱਸ ਦੇ ਹੱਥ ’ਚ ਫੜੀ ਮਾਲਾ ਵੱਲ ਦੇਖ ਰਹੀ ਸੀ।

– ਜਸਵਿੰਦਰ ਕੌਰ ਦੱਧਾਹੂਰ