ਮੁੰਬਈ:ਪਿਛਲੇ ਸਾਲ ਆਪਣੇ ਦੋਸਤ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸੁਰਖੀਆਂ ਵਿੱਚ ਆਈ ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਨੇ ਮੰਗਲਵਾਰ ਸਵੇਰੇ ਸੋਸ਼ਲ ਮੀਡੀਆ ’ਤੇ ਇੱਕ ਸੈਲਫ਼ੀ ਸਾਂਝੀ ਕੀਤੀ ਹੈ। ਤਸਵੀਰ ਵਿੱਚ ਉਹ ਫੁੱਲਾਂ ਦੀ ਕਢਾਈ ਵਾਲੇ ਕਾਲੇ ਰੰਗ ਦਾ ਟਾਪ ਪਹਿਨੀ ਦਿਖਾਈ ਦਿੰਦੀ ਹੈ।
ਰੀਆ ਨੇ ਤਸਵੀਰ ਦੀ ਕੈਪਸ਼ਨ ਵਿੱਚ ਲਿਖਿਆ ਹੈ ‘ਉਠੋ ਅਤੇ ਛਾ ਜਾਓ।’ ਜ਼ਿਕਰਯੋਗ ਹੈ ਕਿ ਸੁਸ਼ਾਂਤ ਦੇ ਪਰਿਵਾਰ ਵੱਲੋਂ ਉਸ ’ਤੇ ਖ਼ੁਦਕੁਸ਼ੀ ਲਈ ਉਕਸਾਉਣ ਅਤੇ ਪੈਸਿਆਂ ਦੀ ਹੇਰਾਫੇਰੀ ਕਰਨ ਦਾ ਦੋਸ਼ ਲਾਉਣ ਤੋਂ ਬਾਅਦ ਉਹ ਸੁਰਖੀਆਂ ਵਿੱਚ ਆਈ ਸੀ। ਸੁਸ਼ਾਂਤ ਦੀ ਮੌਤ ਨਾਲ ਜੁੜੇ ਡਰੱਗ ਮਾਮਲੇ ਵਿੱਚ ਚਾਰਜਸ਼ੀਟ ਵਿਚ ਵੀ ਰੀਆ ਅਤੇ ਉਸ ਦੇ ਭਰਾ ਸ਼ੋਵਿਕ ਦਾ ਨਾਮ ਹੈ। ਰੀਆ ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੇ ਇੱਕ ਮਹੀਨਾ ਮੁੰਬਈ ਦੀ ਬਾਇਕੁੱਲਾ ਜੇਲ੍ਹ ਵਿੱਚ ਬਿਤਾਇਆ ਸੀ। ਅਦਾਕਾਰਾ ਅਮਿਤਾਭ ਬੱਚਨ ਅਤੇ ਇਮਰਾਨ ਹਾਸ਼ਮੀ ਦੀ ਫ਼ਿਲਮ ‘ਚਿਹਰੇ’ ਦਾ ਹਿੱਸਾ ਹੈ। ਸੁਸ਼ਾਂਤ ਦੀ ਮੌਤ ਤੋਂ ਬਾਅਦ ਇਹ ਉਸ ਦੀ ਪਹਿਲੀ ਫ਼ਿਲਮ ਹੈ। ਰੂਮੀ ਜਾਫ਼ਰੀ ਵੱਲੋਂ ਨਿਰਦੇਸ਼ਿਤ ਫ਼ਿਲਮ ‘ਚਿਹਰੇ’ ਵਿੱਚ ਅਨੂ ਕਪੂਰ, ਰਘੁਬੀਰ ਯਾਦਵ ਤੇ ਕ੍ਰਿਸਟਲ ਡਿਸੂਜ਼ਾ ਵੀ ਹਨ। ਇਸ ਫ਼ਿਲਮ ਦੀ ਰਿਲੀਜ਼ ਤਾਲਾਬੰਦੀ ਕਾਰਨ ਟਾਲ ਦਿੱਤੀ ਗਈ ਸੀ।