ਟਾਂਡਾ/ਮੁਕੇਰੀਆਂ, 19 ਅਗਸਤ

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਟਾਂਡਾ ਦੇ ਹੜ੍ਹ ਪ੍ਰਭਾਵਿਤ ਮੰਡ ਇਲਾਕੇ ਦਾ ਦੌਰਾ ਕੀਤਾ। ਸੋਮ ਪ੍ਰਕਾਸ਼ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਹੋਈ ਭਾਰੀ ਬਾਰਿਸ਼ ਕਰ ਕੇ ਡੈਮਾਂ ਤੋਂ ਪਾਣੀ ਛੱਡਣਾ ਪਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਕਦਮੀ ਕਰਦਿਆਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਫੌਰੀ ਤੌਰ ’ਤੇ 218 ਕਰੋੜ ਰੁਪਏ ਜਾਰੀ ਕਰ ਦਿੱਤੇ ਸਨ ਅਤੇ ਕੇਂਦਰ ਦੀ ਟੀਮ ਨੁਕਸਾਨ ਦਾ ਜਾਇਜ਼ਾ ਵੀ ਲੈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪੀੜਤਾਂ ਲਈ ਕੇਂਦਰ ਸਰਕਾਰ ਨੂੰ ਜੋ ਵੀ ਤਜਵੀਜ਼ ਭੇਜੇਗੀ, ਮੋਦੀ ਸਰਕਾਰ ਖੁੱਲ੍ਹੇ ਦਿਲ ਨਾਲ ਮਦਦ ਕਰੇਗੀ। ਇਸ ਦੌਰਾਨ ਜਾਖੜ ਨੇ ਹੜ੍ਹਾਂ ਨੂੰ ਲੈ ਕੇ ਪੰਜਾਬ ’ਚ ਸਥਿਤੀ ਆਮ ਵਾਂਗ ਹੋਣ ਦੇ ਪੰਜਾਬ ਸਰਕਾਰ ਦੇ ਬਿਆਨ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸੰਜੀਦਗੀ ਵਿਖਾਉਂਦਿਆਂ ਫ਼ੰਡ ਜਾਰੀ ਕੀਤੇ ਹਨ। ਹੁਣ ਪੰਜਾਬ ਸਰਕਾਰ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਫੌਰੀ ਤੌਰ ’ਤੇ ਲੋਕਾਂ ਦੀ ਮਦਦ ਕਰੇ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ, ਜ਼ਿਲ੍ਹਾ ਪ੍ਰਧਾਨ ਅਜੈ ਕੌਸ਼ਲ ਤੇ ਹੋਰ ਹਾਜ਼ਰ ਸਨ। ਇਸ ਦੌਰਾਨ ਸੋਮ ਪ੍ਰਕਾਸ਼ ਤੇ ਜਾਖੜ ਨੇ ਮੁਕੇਰੀਆਂ ਦੇ ਹੜ੍ਹ ਪ੍ਰਭਾਵਿਤ ਪਿੰਡ ਹਲੇੜ ਜਨਾਰਧਨ ਦਾ ਦੌਰਾ ਵੀ ਕੀਤਾ।