ਚੰਡੀਗੜ੍ਹ, 18 ਅਗਸਤ
ਚੰਡੀਗੜ੍ਹ ਦੇ ਸੈਕਟਰ-45 ਸਥਿਤ ਬੁੜੈਲ ਵਿੱਚ 4 ਸਾਲ ਪਹਿਲਾਂ ਹੋਏ ਸੋਨੂ ਸ਼ਾਹ ਦੇ ਕਤਲ ਮਾਮਲੇ ’ਚ ਅੱਜ ਗੈਂਗਸਟਰ ਲਾਰੈਂਸ ਬਿਸ਼ਨੋਈ ਸਣੇ 6 ਮੁਲਜ਼ਮਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਗਿਆ, ਜਦਕਿ ਦਿੱਲੀ ਦੀ ਜੇਲ੍ਹ ’ਚ ਬੰਦ ਦੋ ਗੈਂਗਸਟਰਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਅੱਜ ਪੇਸ਼ ਨਹੀਂ ਕੀਤਾ ਜਾ ਸੱਕਿਆ। ਜਾਣਕਾਰੀ ਅਨੁਸਾਰ ਅੱਜ ਅਦਾਲਤ ਵਿੱਚ ਪੁਲੀਸ ਵੱਲੋਂ ਸੋਨੂ ਸ਼ਾਹ ਕਤਲ ਮਾਮਲੇ ’ਚ ਚਾਰਜਸ਼ੀਟ ਪੇਸ਼ ਕੀਤੀ ਜਾਣੀ ਸੀ, ਪਰ ਚੰਡੀਗੜ੍ਹ ਪੁਲੀਸ ਨੇ ਇਸ ਕੰਮ ਲਈ ਅਦਾਲਤ ਤੋਂ ਕੁਝ ਹੋਰ ਸਮਾਂ ਮੰਗਿਆ ਹੈ। ਇਸ ਮਗਰੋਂ ਅਦਾਲਤ ਨੇ ਅਗਲੀ ਸੁਣਵਾਈ 21 ਅਗਸਤ ਦੀ ਤੈਅ ਕਰ ਦਿੱਤੀ ਹੈ। ਇਸ ਪੇਸ਼ੀ ਲਈ ਅੱਜ ਪੰਜਾਬ ਪੁਲੀਸ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਦੀ ਜੇਲ੍ਹ ’ਚੋਂ ਇਥੇ ਲਿਆਈ ਸੀ। ਪੇਸ਼ੀ ਦੌਰਾਨ ਕਿਸੇ ਨੂੰ ਵੀ ਅਦਾਲਤ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਪੇਸ਼ੀ ਮਗਰੋਂ ਲਾਰੈਂਸ ਨੂੰ ਮੁੜ ਬਠਿੰਡਾ ਜੇਲ੍ਹ ਭੇਜ ਦਿੱਤਾ ਹੈ।
ਦੱਸਣਯੋਗ ਹੈ ਕਿ ਸੈਕਟਰ-45 ਦੀ ਬੁੜੈਲ ਜੇਲ੍ਹ ਵਿੱਚ ਸਤੰਬਰ 2019 ਵਿੱਚ ਪ੍ਰਾਪਰਟੀ ਡੀਲਰ ਸੋਨੂੰ ਸ਼ਾਹ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੋਨੂੰ ਸ਼ਾਹ ਆਪਣੇ ਸਾਥੀਆਂ ਸਮੇਤ ਦਫ਼ਤਰ ’ਚ ਬੈਠਾ ਸੀ, ਜਦੋਂ ਤਿੰਨ ਨੌਜਵਾਨਾਂ ਨੇ ਦਫ਼ਤਰ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਸੋਨੂੰ ਸ਼ਾਹ ਦੇ ਸਿਰ ਤੇ ਛਾਤੀ ਵਿੱਚ ਲੱਗੀਆਂ, ਜਦਕਿ ਇਸ ਹਮਲੇ ਵਿੱਚ ਉਸ ਦੇ ਸਾਥੀ ਜੋਗਿੰਦਰ ਤੇ ਪਰਵਿੰਦਰ ਵੀ ਜ਼ਖ਼ਮੀ ਹੋਏ ਸਨ। ਲਾਰੈਂਸ ਬਿਸ਼ਨੋਈ ਨੇ ਇਸ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ।