ਬਾਲੀਵੁੱਡ ਅਦਾਕਾਰ ਸੋਨੂੰ ਸੂਦ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ ਹਨ। 10 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ ਸੋਨੂੰ ਸੂਦ ਲੁਧਿਆਣਾ ਅਦਾਲਤ ‘ਚ ਗਵਾਹੀ ਦੇਣ ਲਈ ਨਹੀਂ ਆਇਆ, ਇਸ ਤੋਂ ਬਾਅਦ ਲੁਧਿਆਣਾ ਦੀ ਜੁਡੀਸ਼ੀਅਲ ਮੈਜਿਸਟਰੇਟ ਰਮਨਪ੍ਰੀਤ ਕੌਰ ਨੇ ਸੋਨੂੰ ਸੂਦ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ, ਜੋ ਗ਼ੈਰ-ਜ਼ਮਾਨਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਸੋਨੂੰ ਸੂਦ ਕੰਪਨੀ ਦਾ ਬ੍ਰਾਂਡ ਅੰਬੈਸਡਰ ਸੀ, ਜਿਸ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ‘ਚ ਸੋਨੂੰ ਸੂਦ ਜਾਂ ਉਨ੍ਹਾਂ ਦੀ ਟੀਮ ਵਲੋਂ ਕੋਈ ਬਿਆਨ ਨਹੀਂ ਆਇਆ ਹੈ। ਸੋਨੂੰ ਸੂਦ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਫਤਿਹ’ ‘ਚ ਨਜ਼ਰ ਆਇਆ ਸੀ। ਇਸ ਮਾਮਲੇ ਦੀ ਸੁਣਵਾਈ ਹੁਣ 10 ਫਰਵਰੀ ਨੂੰ ਹੋਵੇਗੀ।
ਲੁਧਿਆਣਾ ਦੇ ਵਕੀਲ ਰਾਜੇਸ਼ ਖੰਨਾ ਨੇ ਦੱਸਿਆ ਕਿ ਮੋਹਿਤ ਸ਼ੁਕਲਾ ਖਿਲਾਫ 1 ਜੁਲਾਈ 2023 ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਜਦੋਂ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਸੁਣਵਾਈ ਨਹੀਂ ਕੀਤੀ ਤਾਂ ਉਸ ਨੇ 4 ਅਕਤੂਬਰ 2023 ਨੂੰ ਅਦਾਲਤ ਵਿੱਚ ਪਹੁੰਚ ਕੀਤੀ। ਹੁਣ ਅਦਾਲਤ ‘ਚ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਹੋ ਗਈ ਹੈ।

ਸ਼ਿਕਾਇਤ ਮੁਤਾਬਕ ਦੋਸ਼ੀ ਮਲਟੀ ਲੈਵਲ ਮਾਰਕੀਟਿੰਗ ਦਾ ਕੰਮ ਰਿਕੇਜਾ ਕੁਆਇਨ ਦੇ ਨਾਂ ’ਤੇ ਚੱਲ ਰਿਹਾ ਹੈ। ਨਵੰਬਰ 2021 ਵਿੱਚ ਲੁਧਿਆਣਾ ਆਇਆ ਸੀ। ਉਸ ਨੇ ਰਾਜੇਸ਼ ਖੰਨਾ ਨੂੰ ਫਿਰੋਜ਼ਪੁਰ ਰੋਡ ‘ਤੇ ਸਥਿਤ ਹੋਟਲ ਰੈਡੀਸਨ ਬਲੂ ‘ਚ ਮਿਲਣ ਲਈ ਬੁਲਾਇਆ। ਇੱਥੇ ਉਸ ਨੇ ਉਸ ਨੂੰ ਆਪਣੇ ਮਲਟੀ ਲੈਵਲ ਕਾਰੋਬਾਰ ਬਾਰੇ ਜਾਣਕਾਰੀ ਦਿੱਤੀ।

ਵਕੀਲ ਨੇ ਸ਼ਿਕਾਇਤ ਵਿੱਚ ਲਿਖਿਆ ਕਿ ਦੋਸ਼ੀ ਨੇ ਉਸ ਨੂੰ ਮਾਰਕੀਟਿੰਗ ਕਾਰੋਬਾਰ ਦਾ ਮੈਂਬਰ ਬਣਨ ਦਾ ਲਾਲਚ ਦਿੱਤਾ। ਦੋਸ਼ੀ ਨੇ ਉਸ ਨੂੰ 8 ਹਜ਼ਾਰ ਰੁਪਏ ਨਿਵੇਸ਼ ਕਰਨ ਲਈ ਕਿਹਾ। ਉਸ ਨੂੰ ਤਿੰਨ ਗੁਣਾ ਪੈਸੇ ਵਾਪਸ ਦਿੱਤੇ ਜਾਣਗੇ। ਇਸ ਦੌਰਾਨ ਉਸ ਨੇ ਉਨ੍ਹਾਂ ਨੂੰ 10 ਮਹੀਨਿਆਂ ਵਿੱਚ 24 ਹਜ਼ਾਰ ਰੁਪਏ ਵਾਪਸ ਕਰਨ ਦਾ ਵਾਅਦਾ ਕੀਤਾ ਸੀ।