ਮੁੰਬਈ, 5 ਜਨਵਰੀ

ਦੇਸ਼ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਅੱਜ ਸੋਨੂੰ ਸੂਦ ਦੀ ਨਵੀਂ ਫਿਲਮ ‘ਕਿਸਾਨ’ ਦਾ ਐਲਾਨ ਕਰ ਦਿੱਤਾ ਗਿਆ ਹੈ। ਫਿਲਮ ਦਾ ਨਿਰਦੇਸ਼ਨ ਈ. ਨਿਵਾਸ ਕਰਨਗੇ। ਇਸ ਦੌਰਾਨ ਬੌਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੇ ਟਵੀਟ ਕਰਦਿਆਂ ਈ. ਨਿਵਾਸ ਤੇ ਸੋਨੂੰ ਸੂਦ ਨੂੰ ਫਿਲਮ ਲਈ ਵਧਾਈ ਦਿੱਤੀ ਹੈ। ਇਸ ਦੇ ਜਵਾਬ ਵਿੱਚ ਸੋਨੂੰ ਨੇ ਵੀ ਟਵੀਟ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਟਰੇਡ ਵਿਸ਼ਲੇਸ਼ਕ ਤਰਨ ਆਦਰਸ਼ ਨੇ ਟਵਿਟਰ ’ਤੇ ਇਸ ਫਿਲਮ ਨਾਲ ਜੁੜੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਕਿਸਾਨ ’ਚ ਸੋਨੂ ਮੁੱਖ ਭੂਮਿਕਾ ਨਿਭਾਉਣਗੇ। ਫਿਲਮ ਨੂੰ ਈ. ਨਿਵਾਸ ਨਿਰਦੇਸ਼ਿਤ ਕਰਨਗੇ ਅਤੇ ਫਿਲਮ ‘ਡਰੀਮ ਗਰਲ’ ਜ਼ਰੀਏ ਬੌਲੀਵੁੱਡ ’ਚ ਬਤੌਰ ਨਿਰਦੇਸ਼ਕ ਵੱਜੋਂ ਦਾਖਲ ਹੋਣ ਵਾਲੇ ਰਾਜ ਸ਼ਾਂਡਿਲਿਆ ਇਸ ਦੇ ਨਿਰਮਾਤਾ ਹੋਣਗੇ। ਫਿਲਮ ਦੀ ਬਾਕੀ ਕਾਸਟ ਬਾਰੇ ਜਲਦੀ ਜਾਣਕਾਰੀ ਦਿੱਤੀ ਜਾਵੇਗੀ।’’ ਹਾਲ ਹੀ ਵਿੱਚ ਸੋਨੂ ਦੀ ‘ਆਈ ਐਮ ਨੋ ਮਸੀਹਾ’ ਨਾਂ ਦੀ ਕਿਤਾਬ ਰਿਲੀਜ਼ ਹੋਈ ਸੀ, ਜਿਸ ਵਿੱਚ ਉਸ ਨੇ ਕਰੋਨਾ ਕਾਰਨ ਹੋਈ ਤਾਲਾਬੰਦੀ ਦੌਰਾਨ ਪਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਦੇ ਤਜ਼ਰਬੇ ਸਾਂਝੇ ਕੀਤੇ ਹਨ।