ਨਵੀਂ ਦਿੱਲੀ, 16 ਜੁਲਾਈ
ਸੰਸਦ ਦੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਗੁਜਰਾਤ ਦੰਗਿਆਂ ਦੇ ਮੁੱਦੇ ’ਤੇ ਭਾਜਪਾ ਅਤੇ ਕਾਂਗਰਸ ਆਹਮੋ-ਸਾਹਮਣੇ ਹੋ ਗਈਆਂ ਹਨ। ਸੱਤਾਧਾਰੀ ਧਿਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ’ਤੇ ਸਮਾਜਿਕ ਕਾਰਕੁਨਾਂ ਅਤੇ ਪੁਲੀਸ ਅਧਿਕਾਰੀਆਂ ਰਾਹੀਂ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਦੋਸ਼ ਲਾਇਆ ਕਿ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਪਿੱਛੇ ਸੋਨੀਆ ਦਾ ਹੱਥ ਸੀ। ਪਾਤਰਾ ਨੇ ਕਿਹਾ, ‘‘ਕਾਂਗਰਸ ਵੱਲੋਂ ਨਰਿੰਦਰ ਮੋਦੀ ਨੂੰ ਕਮਜ਼ੋਰ ਕਰਨ ਲਈ, ਜੋ ਸਾਜ਼ਿਸ਼ਾਂ ਰਚੀਆਂ ਗਈਆਂ ਸਨ, ਉਸ ਦੀਆਂ ਪਰਤਾਂ ਹੁਣ ਇੱਕ ਇੱਕ ਕਰ ਕੇ ਖੁੱਲ੍ਹ ਰਹੀਆਂ ਹਨ।’’ ਪਾਤਰਾ ਦੇ ਇਸ ਬਿਆਨ ’ਤੇ ਵਰ੍ਹਦਿਆਂ ਕਾਂਗਰਸ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਕਿਹਾ ਕਿ ਭਾਜਪਾ ਨੇ ਉਨ੍ਹਾਂ ਨੂੰ ਵੀ ਨਹੀਂ ਬਖ਼ਸ਼ਿਆ। ਰਮੇਸ਼ ਨੇ ਕਿਹਾ, ‘‘ਕਾਂਗਰਸ ਨੇ ਮਰਹੂਮ ਅਹਿਮਦ ਪਟੇਲ ਖ਼ਿਲਾਫ਼ ਲਾਏ ਅਜਿਹੇ ਸ਼ਰਾਰਤ ਪੂਰਨ ਦੋਸ਼ਾਂ ਦਾ ਖੰਡਨ ਕੀਤਾ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2002 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਹੋਏ ਫ਼ਿਰਕੂ ਦੰਗਿਆਂ ਦੀ ਜ਼ਿੰਮੇਵਾਰੀ ਤੋਂ ਖ਼ੁਦ ਨੂੰ ਮੁਕਤ ਕਰਨ ਦੀ ਯੋਜਨਾਬੱਧ ਰਣਨੀਤੀ ਦਾ ਹਿੱਸਾ ਹੈ। ਇਸ ਕਤਲੇਆਮ ਨੂੰ ਕਾਬੂ ਕਰਨ ਦੀ ਅਣਇੱਛਾ ਅਤੇ ਅਸਮਰੱਥਾ ਕਾਰਨ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਮੁੱਖ ਮੰਤਰੀ ਨੂੰ ਉਨ੍ਹਾਂ ਦਾ ਰਾਜ ਧਰਮ ਯਾਦ ਕਰਵਾਇਆ ਸੀ।’’