ਮੁੰਬਈ, 19 ਜਨਵਰੀ

ਅਦਾਕਾਰਾ ਸੋਨਾਲੀ ਬੇਂਦਰੇ ਨੇ ਨਵੇਂ ਸਾਲ ਦੀ ਸ਼ੁਰੂਆਤ ਨਵੀਂ ਕਿਤਾਬ ਪੜ੍ਹਨ ਨਾਲ ਕੀਤੀ ਹੈ ਤੇ ਉਸ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਇਸ ਕਿਤਾਬ ਦਾ ਨਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਸੋਨਾਲੀ ਜੋ ਸੋਸ਼ਲ ਮੀਡੀਆ ’ਤੇ ‘ਸੋਨਾਲੀ’ਜ਼ ਬੁੱਕ ਕਲੱਬ’ ਨਾਂ ਦਾ ਪੇਜ ਚਲਾਉਂਦੀ ਹੈ, ਨੇ ਲੇਖਕ ਕਲੇਅਰ ਪੂਲੀ ਦੀ ਕਿਤਾਬ ‘ਦਿ ਔਥੈਂਟੀਸਿਟੀ ਪ੍ਰਾਜੈਕਟ’ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਦਿਆਂ ਉਨ੍ਹਾਂ ਨੂੰ ਵੱਧ ਤੋਂ ਵੱਧ ਪੜ੍ਹਨ ਲਈ ਉਤਸ਼ਾਹਿਤ ਕੀਤਾ ਹੈ। ਉਸ ਨੇ ਕਿਹਾ ਕਿ 2020 ਉਤਰਾਅ-ਚੜ੍ਹਾਅ ਵਾਲਾ ਸਾਲ ਰਿਹਾ ਹੈ ਅਤੇ ਉਹ 2021 ਦੀ ਸ਼ੁਰੂਆਤ ਵਧੀਆ ਕਿਤਾਬ ਨਾਲ ਕਰਨਾ ਚਾਹੁੰਦੀ ਸੀ। ਸਾਲ ਦੀ ਪਹਿਲੀ ਪੁਸਤਕ ਦੇ ਨਾਂ ਬਾਰੇ ਦੱਸ ਕੇ ਉਹ ਖੁਸ਼ ਹੈ। ਉਸ ਨੇ ਦੱਸਿਆ ਕਿ ਇਹ ਕਿਤਾਬ ਦੋਸਤੀ ਤੇ ਪਿਆਰ ’ਤੇ ਆਧਾਰਤ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਐਤਵਾਰ ਰਾਤ ਨੂੰ ਸਾਂਝੀ ਕੀਤੀ ਪੋਸਟ ਵਿੱਚ ਇਸ ਸਾਲ ਦੇ ਸਕਾਰਾਤਮਕ ਤੇ ਰੌਸ਼ਨ ਰਹਿਣ ਦੀ ਆਸ ਜਤਾਈ ਹੈ। ਦੱਸਣਯੋਗ ਹੈ ਕਿ ਸੋਨਾਲੀ ਨੂੰ 2018 ਵਿੱਚ ਕੈਂਸਰ ਹੋ ਗਿਆ ਸੀ। ਨਿਊਯਾਰਕ ਵਿੱਚ ਇਲਾਜ ਕਰਾਉਣ ਮਗਰੋਂ ਉਹ ਮੁੰਬਈ ਵਾਪਸ ਆ ਕੇ ਆਪਣੇ ਕਾਰਜ ਵਿੱਚ ਜੁਟ ਗਈ।