ਵਾਸ਼ਿੰਗਟਨ, 23 ਮਈ

ਅਗਲੀਆਂ ਆਮ ਚੋਣਾਂ ਨੂੰ ਭਾਰਤ ਲਈ ਵੱਡਾ ਮੀਲ ਪੱਥਰ ਕਰਾਰ ਦਿੰਦਿਆਂ ਅਮਰੀਕਾ ਅਧਾਰਿਤ ਸੀਨੀਅਰ ਕਾਂਗਰਸ ਆਗੂ ਸੈਮ ਪਿਤਰੌਦਾ ਨੇ ਭਾਰਤੀ-ਅਮਰੀਕੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਗਲੇ 12 ਮਹੀਨੇ ਪੱਬਾਂ ਭਾਰ ਹੋ ਕੇ ਰਹਿਣ ਤੇ ਖੁੱਲ੍ਹ ਕੇ ਵਿਚਾਰ ਰੱਖਣ ਦੀ ਹਿੰਮਤ ਕਰਨ। ਪਿਤਰੌਦਾ ਨੇ ਚਿਤਾਵਨੀ ਦਿੱਤੀ ਕਿ 2024 ਵਿਚ ‘ਗਲਤ ਰਾਹ’ ਚੁਣਨਾ ਭਾਰਤ ਲਈ ਤਬਾਹਕੁਨ ਸਾਬਿਤ ਹੋ ਸਕਦਾ ਹੈ। ਪਿਤਰੌਦਾ ਨੇ ਇਹ ਟਿੱਪਣੀਆਂ ਇਸੇ ਹਫ਼ਤੇ ਸ਼ਿਕਾਗੋ ਵਿਚ ਭਾਰਤੀ-ਅਮਰੀਕੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤੀਆਂ। ਇਹ ਇਕੱਠ ਕਰਨਾਟਕ ਵਿਚ ਕਾਂਗਰਸ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਕੀਤਾ ਗਿਆ ਸੀ। ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਲੀਆਂ ਚੋਣਾਂ ਦੇ ਬਾਰੀਕ ਤੋਂ ਬਾਰੀਕ ਵੇਰਵਿਆਂ ਉਤੇ ਵੀ ਨਜ਼ਰ ਰੱਖਣ ਦੀ ਲੋੜ ਪਏਗੀ। ਪਿਤਰੌਦਾ ਨੇ ਕਿਹਾ ਕਿ ਚੁਣਨ ਲਈ ਦੋ ਰਸਤੇ ਹਨ ਤੇ ਜੇ ਗਲਤ ਰਾਹ ਚੁਣਿਆ ਗਿਆ ਤਾਂ ਸਭ ਖ਼ਤਮ ਹੋ ਜਾਵੇਗਾ। ਪਿਤਰੌਦਾ ਨੇ ਕਿਹਾ, ‘ਗਲਤ ਰਾਹ ਭਾਰਤ ਨੂੰ ਸਾੜ ਦੇਵੇਗਾ, ਮੈਨੂੰ ਇਹ ਸਭ ਨਹੀਂ ਕਹਿਣਾ ਚਾਹੀਦਾ ਪਰ ਮੈਨੂੰ ਡਰ ਹੈ ਕਿ ਅਜਿਹਾ ਹੋਵੇਗਾ, ਜੇ ਅਸੀਂ ਸਹੀ ਰਾਹ ਚੁਣਦੇ ਹਾਂ ਤਾਂ ਅਸੀਂ ਅੱਗੇ ਵਧਾਂਗੇ।’ ਸ਼ਿਕਾਗੋ ਦੇ ਸਮਾਗਮ ਵਿਚ ਸਾਬਕਾ ਸੰਸਦ ਮੈਂਬਰ ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਸਣੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।