ਮਾਲੇ:ਸੱਤ ਵਾਰ ਦੀ ਚੈਂਪੀਅਨ ਭਾਰਤੀ ਫੁਟਬਾਲ ਟੀਮ ਸੈਫ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਸ਼ਨਿਚਰਵਾਰ ਨੂੰ ਨੇਪਾਲ ਨਾਲ ਭਿੜੇਗੀ। ਖ਼ਿਤਾਬੀ ਟੱਕਰ ਵਿੱਚ ਭਾਰਤ ਦੇ ਭਾਰੂ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਨੇਪਾਲ ਪਹਿਲੀ ਵਾਰ ਫਾਈਨਲ ਮੈਚ ਖੇਡ ਰਿਹਾ ਹੈ। ਭਾਰਤ ਹੁਣ ਤੱਕ 13 ਸੈਸ਼ਨਾਂ ਵਿੱਚ 12ਵੀਂ ਵਾਰ ਫਾਈਨਲ ਵਿੱਚ ਪਹੁੰਚ ਚੁੱਕਿਆ ਹੈ। ਇਸ ਤੋਂ ਉਸ ਦੇ ਖੇਤਰੀ ਟੂਰਨਾਮੈਂਟ ਵਿੱਚ ਦਬਦਬੇ ਦਾ ਪਤਾ ਚੱਲਦਾ ਹੈ। ਉਸ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਸਾਲ 2003 ਵਿੱਚ ਤੀਜੇ ਸਥਾਨ ’ਤੇ ਰਹਿਣਾ ਸੀ। ਭਾਰਤ ਨੇ ਪਹਿਲੇ ਦੋ ਮੈਚਾਂ ਵਿੱਚ ਬੰਗਲਾਦੇਸ਼ ਅਤੇ ਸ੍ਰੀਲੰਕਾ ਨਾਲ ਡਰਾਅ ਖੇਡਿਆ ਸੀ, ਜਿਸ ਕਾਰਨ ਉਸ ’ਤੇ ਫਾਈਨਲ ਦੀ ਦੌੜ ਵਿੱਚੋਂ ਬਾਹਰ ਹੋਣ ਦਾ ਖਤਰਾ ਸੀ ਪਰ ਨੇਪਾਲ ਨੂੰ ਹਰਾ ਕੇ ਟੀਮ ਲੈਅ ਵਿੱਚ ਪਰਤ ਆਈ। ਫਿਰ ਉਸ ਨੇ ਮੇਜ਼ਬਾਨ ਮਾਲਦੀਵ ਨੂੰ 3-1 ਨਾਲ ਹਰਾਇਆ। ਉਧਰ, ਨੇਪਾਲ ਨੇ ਮਾਲਦੀਵ ਨੂੰ ਹਰਾਇਆ ਹੈ, ਜਦਕਿ ਬੰਗਲਾਦੇਸ਼ ਨਾਲ ਡਰਾਅ ਖੇਡਿਆ ਹੈ। ਅੰਕੜਿਆਂ ਦੇ ਹਿਸਾਬ ਨਾਲ ਭਾਰਤ ਦਾ ਹੱਥ ਉਪਰ ਜਾਪਦਾ ਹੈ।