ਡਾਕਰ, 29 ਜੂਨ
ਯੂਰੋਪ ਜਾਣ ਦੀ ਕੋਸ਼ਿਸ਼ ਕਰ ਰਹੇ ਪਰਵਾਸੀਆਂ ਨੂੰ ਲਿਜਾ ਰਹੀ ਇੱਕ ਕਿਸ਼ਤੀ ਸੈਨੇਗਲ ਸਮੁੰਦਰੀ ਤੱਟ ’ਤੇ ਪਲਟ ਗਈ, ਜਿਸ ਵਿੱਚ ਘੱਟੋ ਘੱਟ 13 ਜਣਿਆਂ ਦੀ ਮੌਤ ਹੋ ਗਈ। ਸਥਾਨ ਰੈੱਡ ਕਰਾਸ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੈਨੇਗਲ ਰੈੱਡ ਕਰਾਸ ਦੇ ਇੱਕ ਅਧਿਕਾਰੀ ਦਜਾਦਜਾ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਨੂੰ ਦੱਖਣੀ ਕਾਸਮੈਂਸ ਖੇਤਰ ਵਿੱਚ ਕਫੌਂਟੀਨ ਨੇੜੇ ਵਾਪਰੀ। ਬਚਾਅ ਕਾਰਜਾਂ ਵਿੱਚ ਲੱਗੇ ਕਾਮਿਆਂ ਨੇ ਦੱਸਿਆ ਕਿ ਕਿਸ਼ਤੀ ਵਿੱਚ ਲਗਪਗ 150 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ 91 ਜਣਿਆਂ ਨੂੰ ਬਚਾਅ ਲਿਆ ਗਿਆ ਅਤੇ 40 ਤੋਂ ਵੱਧ ਲਾਪਤਾ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਅੱਗ ਲੱਗਣ ਮਗਰੋਂ ਕਿਸ਼ਤੀ ਪਲਟ ਗਈ। ਸਰਕਾਰੀ ਅਧਿਕਾਰੀ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।