ਕਾਠਮੰਡੂ, 6 ਦਸੰਬਰ
ਵੁਸ਼ੂ ਖਿਡਾਰੀਆਂ ਅਤੇ ਤੈਰਾਕਾਂ ਦੇ ਮਜ਼ਬੂਤ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਦੱਖਣੀ ਏਸ਼ਿਆਈ ਖੇਡਾਂ (ਸੈਗ) ਦੇ ਚੌਥੇ ਦਿਨ ਅੱਜ 50 ਤਗ਼ਮੇ ਜਿੱਤੇ, ਜਿਸ ਨਾਲ ਉਸ ਦੇ ਕੁੱਲ ਤਗ਼ਮਿਆਂ ਦੀ ਗਿਣਤੀ ਸੈਂਕੜੇ ਨੂੰ ਪਾਰ ਕਰ ਗਈ। ਉਸ ਨੇ ਸਿਖ਼ਰ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ।
ਭਾਰਤ ਨੇ ਖੇਡਾਂ ਦੇ ਕਿਸੇ ਇੱਕ ਦਿਨ ਹੁਣ ਤਕ ਦਾ ਸਰਵੋਤਮ ਪ੍ਰਦਰਸ਼ਨ ਕੀਤਾ। ਉਸ ਦੇ ਨਾਮ ਹੁਣ 58 ਸੋਨੇ, 41 ਚਾਂਦੀ ਅਤੇ 19 ਕਾਂਸੀ ਦੇ ਤਗ਼ਮਿਆਂ ਸਣਿਆ ਕੁੱਲ 118 ਤਗ਼ਮੇ ਦਰਜ ਹੋ ਗਏ ਹਨ। ਉਹ ਦੂਜੇ ਨੰਬਰ ’ਤੇ ਕਾਬਜ਼ ਨੇਪਾਲ ਤੋਂ ਕਾਫ਼ੀ ਅੱਗੇ ਨਿਕਲ ਗਿਆ ਹੈ। ਨੇਪਾਲ ਨੇ 36 ਸੋਨੇ, 26 ਚਾਂਦੀ ਅਤੇ 34 ਕਾਂਸੀ ਦੇ ਤਗ਼ਮੇ ਜਿੱਤੇ ਹਨ ਅਤੇ ਉਹ 96 ਤਗ਼ਮਿਆਂ ਨਾਲ ਦੂਜੇ ਨੰਬਰ ’ਤੇ ਹੈ। ਸ੍ਰੀਲੰਕਾ (16 ਸੋਨੇ, 31 ਚਾਂਦੀ ਅਤੇ 52 ਕਾਂਸੀ) ਤੀਜੇ ਸਥਾਨ ’ਤੇ ਹੈ। ਭਾਰਤ ਨੇ ਜ਼ਿਆਦਾਤਰ ਤਗ਼ਮੇ ਤੈਰਾਕੀ, ਵੁਸ਼ੂ, ਵੇਟਲਿਫਟਿੰਗ ਅਤੇ ਅਥਲੈਟਿਕਸ ਵਿੱਚ ਜਿੱਤੇ। ਵੁਸ਼ੂ ਵਿੱਚ ਭਾਰਤ ਨੇ ਸੱਤ ਸੋਨ ਤਗ਼ਮੇ ਹਾਸਲ ਕੀਤੇ। ਸੂਰਜ ਸਿੰਘ ਨੇ ਪੁਰਸ਼ ਗੁੰਸ਼ੂ ਆਲਰਾਊਂਡ ਮੁਕਾਬਲੇ ਵਿੱਚ ਪਹਿਲਾ ਸੋਨ ਤਗ਼ਮਾ ਜਿੱਤਿਆ। ਇਸ ਮਗਰੋਂ ਮਹਿਲਾਵਾਂ ਦੇ ਮੁਕਾਬਲੇ ਵਿੱਚ ਵਾਈ ਸਨਥੋਈ ਦੇਵੀ (ਸੰਸੂ 52 ਕਿਲੋ), ਪੂਨਮ (75 ਕਿਲੋ), ਦੀਪਿਕਾ (70 ਕਿਲੋ), ਸੁਸ਼ੀਲਾ (65 ਕਿਲੋ), ਰੋਸ਼ਿਬਿਨਾ ਦੇਵੀ (60 ਕਿਲੋ) ਨੇ ਅਤੇ ਪੁਰਸ਼ ਵਰਗ ਵਿੱਚ ਸੁਨੀਲ ਸਿੰਘ (52 ਕਿਲੋ) ਨੇ ਸੋਨ ਤਗ਼ਮੇ ਜਿੱਤੇ। ਤੈਰਾਕੀ ਵਿੱਚ ਭਾਰਤ ਨੇ ਚਾਰ ਸੋਨੇ, ਛੇ ਚਾਂਦੀ ਅਤੇ ਇੱਕ ਕਾਂਸੀ ਸਣੇ 11 ਤਗ਼ਮੇ ਜਿੱਤੇ, ਜਦੋਂਕਿ ਵੇਟਲਿਫਟਿੰਗ ਵਿੱਚ ਚਾਰ ਸੋਨ ਤਗ਼ਮੇ ਹਾਸਲ ਕੀਤੇ। ਤਾਇਕਵਾਂਡੋ ਵਿੱਚ ਭਾਰਤ ਦੇ ਨਾਮ ਤਿੰਨ ਸੋਨ, ਦੋ ਚਾਂਦੀ ਅਤੇ ਇੱਕ ਕਾਂਸੀ ਦਾ ਤਗ਼ਮਾ ਰਿਹਾ। ਅਥਲੈਟਿਕਸ ਵਿੱਚ ਵੀ ਛੇ ਤਗ਼ਮੇ ਭਾਰਤ ਨੂੰ ਮਿਲੇ, ਪਰ ਇਨ੍ਹਾਂ ਵਿੱਚ ਸਿਰਫ਼ ਇੱਕ ਸੋਨ ਤਗ਼ਮਾ ਹੀ ਮਿਲ ਸਕਿਆ। ਭਾਰਤੀ ਮਹਿਲਾ ਟੀਮ ਨੇ ਫੁਟਬਾਲ ਵਿੱਚ ਸ੍ਰੀਲੰਕਾ ਨੂੰ 6-0 ਨਾਲ ਹਰਾਇਆ।