ਲਾਸ ਏਂਜਲਸ— ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਨੇ ਕਿਹਾ ਹੈ ਕਿ ਗਰਭ ਅਵਸਥਾ ਤੋਂ ਉਨ੍ਹਾਂ ਨੂੰ ‘ਨਵੀਂ ਊਰਜਾ’ ਮਿਲੀ ਹੈ ਅਤੇ ਉਹ ਜਨਵਰੀ ‘ਚ ਆਸਟਰੇਲੀਆਈ ਓਪਨ ਤੋਂ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਵੋਗ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ‘ਚ 36 ਸਾਲਾ ਸੇਰੇਨਾ ਨੇ ਕਿਹਾ ਕਿ ਉਨ੍ਹਾਂ ਨੇ ਆਸਟਰੇਲੀਆਈ ਓਪਨ ‘ਚ ਖੇਡਣ ਦਾ ਟੀਚਾ ਰਖਿਆ ਹੈ। ਸੇਰੇਨਾ ਅਗਲੇ ਮਹੀਨੇ ਮਾਂ ਬਣ ਸਕਦੀ ਹੈ। ਉਨ੍ਹਾਂ ਕਿਹਾ, ”ਮੈਨੂੰ ਪਤਾ ਹੈ ਕਿ ਮੈਂ ਖੁਦ ਤੋਂ ਬਹੁਤ ਜ਼ਿਆਦਾ ਉਮੀਦਾਂ ਰਖ ਰਹੀ ਹਾਂ, ਪਰ ਮੈਂ ਉੱਥੇ ਖੇਡਣਾ ਚਾਹੁੰਦੀ ਹਾਂ। ਬੱਚੇ ਨੂੰ ਜਨਮ ਦੇਣ ਦੇ ਬਾਅਦ ਮੇਰੇ ਕੋਲ ਤਿੰਨ ਮਹੀਨਿਆਂ ਦਾ ਸਮਾਂ ਹੋਵੇਗਾ। ਹਾਲਾਂਕਿ ਇਹ ਕਾਫੀ ਚੁਣੌਤੀਪੂਰਨ ਹੋਵੇਗਾ।
ਇਸ ਸਾਲ ਗਰਭ ਅਵਸਥਾ ਦੌਰਾਨ ਆਸਟਰੇਲੀਆਈ ਓਪਨ ਜਿੱਤਣ ਵਾਲੀ ਸੇਰੇਨਾ ਆਪਣਾ ਖਿਤਾਬ ਬਚਾਉਣ ਦੇ ਨਾਲ-ਨਾਲ ਧਾਕੜ ਖਿਡਾਰੀ ਮਾਰਗੇਟ ਕੋਰਟ ਦੇ 24 ਗ੍ਰੈਂਡ ਸਲੈਮ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਵੀ ਕਰਨਾ ਚਾਹੇਗੀ। ਉਨ੍ਹਾਂ ਕਿਹਾ, ”ਜ਼ਾਹਰ ਹੈ ਕਿ ਜੇਕਰ ਮੈਨੂੰ ਉਨ੍ਹਾਂ ਦੀ ਬਰਾਬਰੀ ਦਾ ਮੌਕਾ ਮਿਲਦਾ ਹੈ ਤਾਂ ਪਿੱਛੇ ਨਹੀਂ ਹਟਣ ਵਾਲੀ।” ਉਨ੍ਹਾਂ ਕਿਹਾ ਕਿ ਮੈਦਾਨ ਤੋਂ ਹਟਣ ਦੇ ਬਾਅਦ ਵੀ ਉਹ ਟੈਨਿਸ ਮੈਚਾਂ ਖਾਸ ਕਰਕੇ ਭੈਣ ਵੀਨਸ ਵਿਲੀਅਮਸ ਦੇ ਮੈਚਾਂ ਨੂੰ ਦੇਖਦੀ ਸੀ।