ਐਸ.ਏ.ਐਸ.ਨਗਰ(ਮੁਹਾਲੀ)/ਕੁਰਾਲੀ: ਸੰਗਰੂਰ ਵਿੱਚ 15 ਤੋਂ 18 ਸਤੰਬਰ ਤੱਕ ਹੋਈ ਆਲ ਓਪਨ ਪੰਜਾਬ ਸੂਬਾ ਪੱਧਰੀ ਅਥਲੈਟਿਕ ਮੀਟ ਵਿੱਚ ਮੁਹਾਲੀ ਦੇ ਫੇਜ਼ ਛੇ ਦੇ ਸਰਕਾਰੀ ਕਾਲਜ ਵਿਚ ਐਨਆਈਐਸ ਕੋਚ ਰਾਮਾ ਸ਼ੰਕਰ ਪ੍ਰਸ਼ਾਦ ਕੋਲ ਕੋਚਿੰਗ ਲੈ ਰਹੇ ਹਰਪ੍ਰੀਤ ਸਿੰਘ ਨੇ 1500 ਮੀਟਰ ਅਤੇ 5 ਹਜ਼ਾਰ ਮੀਟਰ ਦੌੜ ਵਿੱਚ ਸੋਨੇ ਦੇ ਤਗਮੇ ਹਾਸਲ ਕੀਤੇ ਹਨ। ਉਹ ਮੁਹਾਲੀ ਜ਼ਿਲ੍ਹੇ ਦੇ ਪਿੰਡ ਸਹੌੜਾਂ ਦਾ ਜੰਮਪਲ ਹੈ। ਇਸ ਤੋਂ ਪਹਿਲਾਂ ਉਹ 10 ਸਤੰਬਰ ਨੂੰ ਚੰਡੀਗੜ੍ਹ ਵਿੱਚ ਹੋਈ ਇੰਡੀਅਨ ਗਰੈਂਡ ਪ੍ਰੀਕਸ਼ (ਨੈਸ਼ਨਲ) ’ਚ ਦੇਸ਼ ਭਰ ਵਿੱਚੋਂ ਆਏ ਦੌੜਾਕਾਂ ’ਚੋਂ ਚੌਥਾ ਸਥਾਨ ਹਾਸਲ ਕੀਤਾ ਹੈ। ਕੋਚ ਰਾਮਾ ਸ਼ੰਕਰ ਪ੍ਰਸ਼ਾਦ ਨੇ ਦੱਸਿਆ ਕਿ ਹਰਪ੍ਰੀਤ ਹੁਣ ਤੱਕ ਸੂਬਾ ਪੱਧਰੀ ਛੇ ਸੋਨ ਤਗ਼ਮੇ ਪ੍ਰਾਪਤ ਕਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਹ ਅਗਲੇ ਮਹੀਨੇ ਵਿੱਚ 11 ਤੋਂ 15 ਅਕਤੂਬਰ ਤੱਕ ਜਮਸ਼ੇਦਪੁਰ (ਝਾਰਖੰਡ) ਵਿੱਚ ਹੋਣ ਵਾਲੇ ਆਲ ਇੰਡੀਆ ਓਪਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਅਗਵਾਈ ਕਰੇਗਾ।