ਪਣਜੀ, 9 ਮਾਰਚ

ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਪਿਛਲੇ ਸਾਲ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਹੋਈ ਮੌਤ ਨਾਲ ਜੁੜੇ ਡਰੱਗ ਮਾਮਲੇ ਵਿੱਚ ਗੋਆ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਐੱਨਸੀਬੀ ਦੇ ਖੇਤਰੀ ਡਾਇਰੈਕਟਰ ਸਮੀਰ ਵਾਨਖੇੜੇ ਨੇ ਦੱਸਿਆ ਕਿ ਐੱਨਸੀਬੀ ਨੇ ਉੱਤਰੀ ਗੋਆ ਜ਼ਿਲ੍ਹੇ ਦੇ ਮੋਰਜਿਮ ਵਿੱਚ ਮੁਲਜ਼ਮ ਹੇਮੰਤ ਸਾਹਾ ਦੇ ਟਿਕਾਣਿਆਂ ’ਤੇ ਛਾਪੇ ਮਾਰ ਕੇ 15 ਨਸ਼ੀਲੀਆਂ ਗੋਲੀਆਂ ਤੇ 30 ਗ੍ਰਾਮ ਚਰਸ ਬਰਾਮਦ ਕੀਤੀ। ਇਹ ਤਲਾਸ਼ੀ ਵੀ ਗੋਆ ਵਿੱਚ ਹਫ਼ਤੇ ਤੋਂ ਲਗਾਤਾਰ ਮਾਰੇ ਗਏ ਛਾਪਿਆਂ ਦਾ ਹਿੱਸਾ ਸੀ। ਵਾਨਖੇੜੇ ਨੇ ਦੱਸਿਆ ਕਿ ਮੁੰਬਈ ਤੇ ਗੋਆ ਦੀਆਂ ਐੱਨਸੀਬੀ ਸ਼ਾਖਾਵਾਂ ਦੀ ਸਾਂਝੀ ਕਾਰਵਾਈ ਦੌਰਾਨ ਮੁਲਜ਼ਮ ਨੂੰ ਬੀਤੇ ਦਿਨ ਪਣਜੀ ਨੇੜੇ ਮਿਰਾਮਾਰ ਸਮੁੰਦਰ ਤੱਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਧਿਕਾਰੀ ਨੇ ਦੱਸਿਆ ਕਿ ਡਰੱਗ ਮਾਮਲੇ ਦੇ ਮੁਲਜ਼ਮ ਅਨੁਜ ਕੇਸਵਾਨੀ ਤੇ ਰੀਗਲ ਮਹਾਕਾਲ ਨੇ ਪੁੱਛ ਪੜਤਾਲ ਦੌਰਾਨ ਸਾਹਾ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੇ ਪਿਛਲੇ ਕਈ ਸਾਲਾਂ ਤੋਂ ਮੋਰਜਿਮ ਇਲਾਕੇ ਵਿੱਚ ਰਹਿ ਰਿਹਾ ਸੀ। ਐੱਨਸੀਬੀ ਨੇ ਉੱਤਰੀ ਗੋਆ ਦੇ ਅਸਾਗਾਓ ਦੇ ਮਜ਼ਲ ਵਾਡੋ ਵਿੱਚ ਛਾਪਾ ਮਾਰ ਕੇ 41 ਨਸ਼ੀਲੀਆਂ ਗੋਲੀਆਂ ਤੇ 28 ਗ੍ਰਾਮ ਚਰਸ, 22 ਗ੍ਰਾਮ ਕੋਕੀਨ, 1.10 ਕਿਲੋਗ੍ਰਾਮ ਗਾਂਜਾ, 160 ਗ੍ਰਾਮ ਚਿੱਟਾ ਪਾਊਡਰ ਤੇ 500 ਗ੍ਰਾਮ ਬਲੂ ਕ੍ਰਿਸਟਲ ਬਰਾਮਦ ਕੀਤਾ ਹੈ।