ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀਰਵਾਰ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਵਪਾਰ, ਨਿਵੇਸ਼, ਸੁਰੱਖਿਆ, ਊਰਜਾ ਅਤੇ ਲੋਕਾਂ ਦੇ ਵਿਚਕਾਰ ਸੰਪਰਕ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਸੰਬੰਧੀ ਗੱਲਬਾਤ ਕੀਤੀ। ਭਾਰਤ ਯਾਤਰਾ ‘ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋ-ਪੱਖੀ ਸਿਖਰ ਬੈਠਕ ਤੋਂ ਪਹਿਲਾਂ ਦੋਹਾਂ ਦੇਸ਼ਾਂ ਵਿਚਕਾਰ ਇੱਥੇ ਰਣਨੀਤਕ ਗੱਲਬਾਤ ਹੋਈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਮੁਤਾਬਕ ਦੋਹਾਂ ਬਹੁਲਤਾਵਾਦੀ ਲੋਕਤੰਤਰਿਕ ਦੇਸ਼ਾਂ ਨੇ ਰਣਨੀਤਕ ਸਾਂਝੇਦਾਰੀ ਦੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਦੋਹਾਂ ਵਿਦੇਸ਼ ਮੰਤਰੀਆਂ ਨੇ ਕਾਰੋਬਾਰ -ਨਿਵੇਸ਼, ਸੁਰੱਖਿਆ ਤੇ ਸਾਈਬਰ ਸੁਰੱਖਿਆ, ਊਰਜਾ, ਲੋਕਾਂ ‘ਚ ਸੰਪਰਕ ਨੂੰ ਮਜ਼ਬੂਤ ਕਰਨ ਅਤੇ ਦੋ-ਪੱਖੀ ਅਤੇ ਖੇਤਰੀ ਮੁੱਦਿਆਂ ‘ਤੇ ਚਰਚਾ ਕੀਤੀ। ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਦੋ-ਪੱਖੀ ਸਿਖਰ ਬੈਠਕ ਸ਼ੁੱਕਰਵਾਰ ਨੂੰ ਹੋਵੇਗੀ। ਇਸ ਲਈ ਤਿਆਰੀਆਂ ਚੱਲ ਰਹੀਆਂ ਹਨ।