ਪੂਰੇ ਸ਼ਹਿਰ ਵਿੱਚ 1 ਹਜ਼ਾਰ ਤੋਂ ਜ਼ਿਆਦਾ ਪੈਰਾ-ਮੈਡੀਕਲ ਸਟਾਫ ਅਤੇ ਡਾਕਟਰਾਂ ਦੀ ਟੀਮ 24 ਘੰਟੇ ਕਰ ਰਹੀ ਹੈ ਸੰਗਤਾਂ ਦੀ ਸੇਵਾ
ਚੰਡੀਗੜ੍ਹ/ਸੁਲਤਾਨਪੁਰ ਲੋਧੀ (ਕਪੂਰਥਲਾ), 7 ਨਵੰਬਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਆਉਣ ਵਾਲੀ ਸੰਗਤ ਦੀ ਸਿਹਤ ਦਾ ਧਿਆਨ ਰੱਖਣ ਅਤੇ ਸੇਵਾ ਲਈ ਸਰਕਾਰ ਵੱਲੋਂ ਜਗਾ-ਜਗਾ ਮੈਡੀਕਲ ਲਾਊਂਜ ਸਥਾਪਤ ਕੀਤੇ ਗਏ ਹਨ। ਇਹ ਮੈਡੀਕਲ ਲਾਊਂਜ 24 ਘੰਟੇ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਤਬੀਅਤ ਖ਼ਰਾਬ ਹੋਣ ਦੀ ਸਥਿਤੀ ਵਿੱਚ ਲੋਕ ਇਥੇ ਪਹੁੰਚ ਕੇ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਲੈ ਰਹੇ ਹਨ। ਮੁੱਖ ਪੰਡਾਲ ਨੇੜੇ ਸਥਿਤ ਮੈਡੀਕਲ ਲਾਊਂਜ ਸਮੇਤ ਤਿੰਨੇ ਲਾਊਂਜ ਵਿੱਚ 7852 ਤੋਂ ਵੱਧ ਲੋਕਾਂ ਨੂੰ ਜਾਂਚ ਤੋਂ ਬਾਅਦ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਸਿਵਲ ਸਰਜਨ ਡਾ. ਜਸਮੀਤ ਕੌਰ ਨੇ ਦੱਸਿਆ ਕਿ ਪੂਰੇ ਸ਼ਹਿਰ ਵਿੱਚ ਬਿਹਤਰੀਨ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਕੁੱਲ 1 ਹਜ਼ਾਰ ਪੈਰਾ ਮੈਡੀਕਲ ਸਟਾਫ ਅਤੇ ਡਾਕਟਰਾਂ ਦੀਆਂ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ। ਉਨਾਂ ਦੱਸਿਆ ਕਿ ਮੈਡੀਕਲ ਲਾਊਂਜ ਵਿੱਚ ਜ਼ਿਆਦਾਤਰ ਬੁਖ਼ਾਰ, ਪੇਟ ਦਰਦ, ਬੀਪੀ, ਸ਼ੂਗਰ, ਖੰਘ ਅਤੇ ਗਲੇ ਵਿੱਚ ਖ਼ਰਾਬੀ ਦੀ ਸਮੱਸਿਆ ਨਾਲ ਸਬੰਧਤ ਮਰੀਜ਼ ਪਹੁੰਚ ਰਹੇ ਹਨ। ਇਨਾਂ ਮਰੀਜ਼ਾਂ ਨੂੰ ਤੁਰੰਤ ਜਾਂਚ ਤੋਂ ਬਾਅਦ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਹੁਣ ਤੱਕ ਮੁੱਖ ਪੰਡਾਲ ਨੇੜੇ ਸਥਿਤ ਲਾਊਂਜ ਵਿੱਚੋਂ 5293 ਮਰੀਜ਼ ਮੈਡੀਕਲ ਸਹਾਇਤਾ ਲੈ ਚੁੱਕੇ ਹਨ। ਇਸ ਤੋਂ ਇਲਾਵਾ ਸਥਾਪਿਤ ਦੋ ਹੋਰ ਲਾਊਂਜ ਵਿੱਚੋਂ ਕ੍ਰਮਵਾਰ 1559 ਅਤੇ 1 ਹਜ਼ਾਰ ਮਰੀਜ਼ ਜਾਂਚ ਕਰਵਾ ਕੇ ਮੁਫਤ ਦਵਾਈਆਂ ਲੈ ਚੁੱਕੇ ਹਨ। ਉਨਾਂ ਕਿਹਾ ਕਿ ਸਰਕਾਰ ਦੇ ਨਿਰਦੇਸ਼ ਤਹਿਤ ਸੰਗਤਾਂ ਦੀ ਸੇਵਾ ਲਈ ਸਾਡੀਆਂ ਟੀਮਾਂ ਦਿਨ-ਰਾਤ ਜੁਟੀਆਂ ਹੋਈਆਂ ਹਨ ਅਤੇ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਪੂਰੀ ਤਰਾਂ ਵਚਨਬੱਧ ਹੈ। ਕਈ ਤਰਾਂ ਦੇ ਮਾਹਰ ਡਾਕਟਰਾਂ ਦੀ ਤਾਇਨਾਤੀ ਇਨਾਂ ਮੈਡੀਕਲ ਲਾਊਂਜ ਵਿੱਚ ਕੀਤੀ ਗਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਮੈਡੀਕਲ ਲਾਊਂਜ ਵਿੱਚ 122 ਮਰੀਜ਼ਾਂ ਨੂੰ ਦਾਖ਼ਲ ਕੀਤਾ ਗਿਆ ਸੀ, ਜਿਨਾਂ ਵਿੱਚੋਂ 34 ਮਰੀਜ਼ਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਹਸਪਤਾਲ ਰੈਫ਼ਰ ਕੀਤਾ ਗਿਆ।