ਚੰਡੀਗੜ੍ਹ, ਮੁੰਬਈ ਦੇ ਭੀੜ ਭਰੇ ਇਲਾਕੇ ਵਿੱਚ ਬੀਤੇ ਦਿਨ 12 ਸੀਟਰ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਜਹਾਜ਼ ਦੀ ਇੰਜਨੀਅਰ ਸੁਰਭੀ ਗੁਪਤਾ, ਜੋ ਪੰਜ ਮ੍ਰਿਤਕਾਂ ’ਚ ਸ਼ਾਮਲ ਹੈ, ਨੇ ਸੋਨੀਪਤ ’ਚ ਆਪਣੇ ਪਿਤਾ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਇੱਕ ‘ਨੁਕਸਦਾਰ’ ਜਹਾਜ਼ ਉਡਾਉਣ ਜਾ ਰਹੀ ਹੈ। ਸੁਰਭੀ ਨੇ ਬੀਤੇ ਦਿਨ ਸਵੇਰੇ ਆਪਣੇ ਪਿਤਾ ਨੂੰ ਫੋਨ ਕੀਤਾ ਸੀ ਤੇ ਜਹਾਜ਼ ਦੀ ਹਾਲਤ ਦਾ ਜ਼ਿਕਰ ਕੀਤਾ ਸੀ।
ਸੁਰਭੀ ਦੇ ਪਿਤਾ ਐੱਸ.ਪੀ. ਗੁਪਤਾ ਨੇ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਸੀਂ ਕੱਲ ਸਵੇਰੇ ਫੋਨ ’ਤੇ ਗੱਲ ਕੀਤੀ ਸੀ। ਇਹ ਸੁਰਭੀ ਵੱਲੋਂ ਉਡਾਣ ਭਰਨ ਤੋਂ ਪਹਿਲਾਂ ਸਾਡੇ ਵਿਚਾਲੇ ਰੋਜ਼ਾਨਾ ਹੋਣ ਵਾਲੀ ਆਮ ਗੱਲਬਾਤ ਹੀ ਸੀ। ਉਸ ਨੇ ਦੱਸਿਆ ਸੀ ਕਿ ਜਹਾਜ਼ ਦੀ ਹਾਲਤ ਠੀਕ ਨਹੀਂ ਹੈ।’ ਉਸ ਨੇ ਇਸ ਗੱਲ ’ਤੇ ਹੈਰਾਨੀ ਜ਼ਾਹਰ ਕੀਤੀ ਕਿ ਜਹਾਜ਼ ਨੂੰ ਉਡਾਣ ਭਰਨ ਦੀ ਇਜਾਜ਼ਤ ਕਿਵੇਂ ਦਿੱਤੀ ਗਈ। ਸ੍ਰੀ ਗੁਪਤਾ ਨੇ ਭਰੋਸਾ ਜਤਾਇਆ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇਗੀ ਤੇ ਗੜਬੜ ਕਰਨ ਵਾਲੇ ਲਾਜ਼ਮੀ ਫੜੇ ਜਾਣਗੇ। ਉਨ੍ਹਾਂ ਦੱਸਿਆ ਕਿ ਸੁਰਭੀ ਦਾ ਪਿਛਲੇ ਸਾਲ ਹੀ ਵਿਆਹ ਹੋਇਆ ਸੀ ਤੇ ਉਸ ਦਾ ਪਤੀ ਵੀ ਪਾਇਲਟ ਹੈ।
ਉਨ੍ਹਾਂ ਸੁਰਭੀ ਨੂੰ ਯਾਦ ਕਰਦਿਆਂ ਕਿਹਾ, ‘ਉੱਤਰ ਪ੍ਰਦੇਸ਼ ’ਚ ਉਨ੍ਹਾਂ ਦੇ ਸ਼ਹਿਰ ’ਚ ਲੋਕ ਸੁਰਭੀ ਨੂੰ ਕਲਪਨਾ ਚਾਵਲਾ ਕਹਿੰਦੇ ਸਨ ਤੇ ਪਿੱਛੇ ਜਿਹੇ ਉਸ ਨੂੰ ਮਹਾਰਾਸ਼ਟਰ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ।’
ਜ਼ਿਕਰਯੋਗ ਹੈ ਕਿ 12 ਸੀਟਾਂ ਵਾਲਾ ਹਵਾਈ ਜਹਾਜ਼ ਬੀਤੇ ਦਿਨ ਮੁੰਬਈ ਦੇ ਘਾਟਕੋਪਰ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇ ਇਸ ਹਾਦਸੇ ’ਚ ਜਹਾਜ਼ ਦੇ ਦੋਵੇਂ ਪਾਇਲਟ, ਦੋਵੇਂ ਇੰਜਨੀਅਰ ਤੇ ਇੱਕ ਰਾਹਗੀਰ ਮਾਰੇ ਗਏ ਸਨ। ਇਸ ਜਹਾਜ਼ ਨੇ ਜੁਹੂ ਹਵਾਈ ਪੱਟੀ ਤੋਂ ਅਜ਼ਮਾਇਸ਼ੀ ਉਡਾਣ ਭਰੀ ਸੀ ਤੇ ਜੁਹੂ ਤੋਂ ਕੁਝ ਮੀਲ ਦੂਰੀ ’ਤੇ ਹੀ ਇਹ ਘਟਨਾ ਵਾਪਰ ਗਈ।