ਅੰਮ੍ਰਿਤਸਰ, 10 ਸਤੰਬਰ
ਸਿੱਖ ਜਥੇਬੰਦੀ ਦਲ ਖਾਲਸਾ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਲਈ ਇਨਾਮ ਦਾ ਐਲਾਨ ਕਰਦਿਆਂ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਇਸ ਸਬੰਧੀ ਪੋਸਟਰ ਲਾਏ ਸਨ ਪਰ ਪੰਜਾਬ ਪੁਲੀਸ ਵਲੋਂ ਕਈ ਥਾਵਾਂ ’ਤੇ ਇਨ੍ਹਾਂ ਪੋਸਟਰਾਂ ’ਤੇ ਆਪਣੇ ਕੋਵਿਡ-19 ਤੋਂ ਬਚਾਅ ਸਬੰਧੀ ਪੋਸਟਰ ਲਾ ਕੇ ਇਨ੍ਹਾਂ ਨੂੰ ਢੱਕਣ ਅਤੇ ਲੁਕਾਉਣ ਦਾ ਯਤਨ ਕੀਤਾ ਹੈ। ਜਥੇਬੰਦੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਨੇ ਆਖਿਆ ਕਿ ਪਾਰਟੀ ਵਲੋਂ ਇਸ ਸਬੰਧ ਵਿਚ ਅੰਮ੍ਰਿਤਸਰ ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਅੱਡਾ, ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਅਤੇ ਗਲਿਆਰਾ, ਹਾਲ ਬਜ਼ਾਰ, ਭੰਡਾਰੀ ਪੁਲ ਸਮੇਤ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਪੋਸਟਰ ਲਾਏ ਗਏ ਹਨ। ਇਹ ਪੋਸਟਰ ਲਾਉਣ ਸਬੰਧੀ ਸ਼ਬਦੀ ਪ੍ਰਵਾਨਗੀ ਵੀ ਲਈ ਸੀ ਪਰ ਇਸ ਤੋਂ ਤੁਰੰਤ ਬਾਅਦ ਪੁਲੀਸ ਵਲੋਂ ਇਨ੍ਹਾਂ ਪੋਸਟਰਾਂ ਨੂੰ ਢੱਕਣਾ ਸ਼ੁਰੂ ਕਰ ਦਿੱਤਾ ਹੈ।