ਦਸੂਹਾ, 3 ਮਾਰਚ
ਰੂਸ ਦੇ ਬਾਰਡਰ ਨੇੜਲੇ ਯੂਕਰੇਨ ਦੇ ਸ਼ਹਿਰ ਸੁਮੀ ਵਿੱਚ ਫਸੇ ਕਰੀਬ 600 ਵਿਦਿਆਰਥੀਆਂ ਦੀ ਭਾਰਤੀ ਅੰਬੈਸੀ ਨੇ ਅਜੇ ਤੱਕ ਸਾਰ ਨਹੀਂ ਲਈ, ਜਿਸ ਕਾਰਨ ਮੈਡੀਕਲ ਯੂਨੀਵਰਸਿਟੀ ਦੇ ਵੱਖ ਵੱਖ ਹੋਸਟਲਾਂ ਦੀਆਂ ਬੰਕਰਾਂ ਵਿੱਚ ਕੈਦ ਭਾਰਤੀ ਵਿਦਿਆਰਥੀ ਰੋਜ਼ਾਨਾ ਮੌਤ ਦੇ ਸਾਏ ਹੇਠ ਦਿਨ ਕੱਟ ਕਰ ਰਹੇ ਹਨ। ਯੂਕਰੇਨ ਦੇ ਸੁਮੀ ਸ਼ਹਿਰ ਦੀ ਮੈਡੀਕਲ ਯੂਨੀਵਰਸਿਟੀ ਵਿੱਚ ਡਾਕਟਰੀ ਕਰਨ ਗਏ ਦਸੂਹਾ ਦੇ ਗੁਰਵਿੰਦਰ ਸਿੰਘ ਚਾਂਦ ਸਮੇਤ ਵੱਖ ਵੱਖ ਸੂਬਿਆਂ ਨਾਲ ਸਬੰਧਤ ਵਿਦਿਆਰਥੀ ਹਰਸ਼ਿਤ, ਸ਼ੁਭਮ, ਸੁਭਾਸ਼ ਯਾਦਵ ਤੇ ਵਿਦਿਆ ਨੇ ਦੱਸਿਆ ਕਿ ਸੁਮੀ ਸਟੇਟ ਆਫ ਮੈਡੀਕਲ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੇ ਕਰੀਬ 600 ਭਾਰਤੀ ਵਿਦਿਆਰਥੀ ਵੱਖ ਵੱਖ ਹੋਸਟਲਾਂ ਦੇ ਬੰਕਰਾਂ ਵਿੱਚ ਬੰਦ ਹਨ, ਜਿਨ੍ਹਾਂ ਦੀ ਅੰਬੈਸੀ ਨੇ ਅਜੇ ਤੱਕ ਸਾਰ ਨਹੀਂ ਲਈ। ਉਨ੍ਹਾਂ ਦੱਸਿਆ ਕਿ ਯੁੱਧ ਦੇ ਪਹਿਲੇ ਦਿਨ ਤੋਂ ਹੀ ਅੰਬੈਸੀ ਦੇ ਅਧਿਕਾਰੀ ਉਨ੍ਹਾਂ ਨੂੰ ਬੰਕਰਾਂ ਵਿੱਚ ਲੁਕੇ ਰਹਿਣ ਦੀ ਸਲਾਹ ਦਿੰਦੇ ਰਹੇ ਹਨ, ਜਦ ਕਿ ਹੁਣ ਤਿੰਨ ਦਿਨਾਂ ਤੋਂ ਉਨ੍ਹਾਂ ਦਾ ਅੰਬੈਸੀ ਨਾਲ ਸੰਪਰਕ ਟੁੱਟਿਆ ਹੋਇਆ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਰੂਸ ਦੀ ਸਰਹੱਦ ’ਤੇ ਹੋਣ ਕਾਰਨ ਹੋਸਟਲਾਂ ਨੇੜੇ ਹੋ ਰਹੀ ਗੋਲਾਬਾਰੀ ਕਾਰਨ ਵਿਦਿਆਰਥੀਆਂ ਸਹਿਮੇ ਹੋਏ ਹਨ। ਉਨ੍ਹਾਂ ਕੋਲ ਖਾਣ-ਪੀਣ ਦਾ ਸਾਮਾਨ ਖ਼ਤਮ ਹੋ ਚੁੱਕਿਆ ਹੈ ਅਤੇ ਨੇੜਲੇ ਗਿਰਜਾ ਘਰਾਂ ਵੱਲੋਂ ਪਹੁੰਚਾਏ ਜਾ ਰਹੇ ਭੋਜਨ ਨਾਲ ਗੁਜ਼ਾਰਾ ਕਰ ਰਹੇ ਹਨ, ਜਦੋਂ ਕਿ ਦਵਾਈਆਂ ਦੀ ਘਾਟ ਕਾਰਨ ਕਈ ਵਿਦਿਆਰਥੀਆਂ ਦੀ ਸਿਹਤ ਵਿਗੜ ਰਹੀ ਹੈ।
ਗੁਰਵਿੰਦਰ ਸਿੰਘ ਚਾਂਦ ਦੇ ਮਾਪਿਆਂ ਪਲਵਿੰਦਰ ਸਿੰਘ ਤੇ ਹਰਸ਼ਿੰਦਰ ਕੌਰ ਨੇ ਦੋਸ਼ ਲਾਇਆ ਕਿ ਜਿਹੜੇ ਸਿਆਸੀ ਆਗੂਆਂ ਨੇ ਚੋਣਾਂ ਵੇਲੇ ਉਨ੍ਹਾਂ ਦੀਆਂ ਬਰੂਹਾਂ ਦੀ ਮਿੱਟੀ ਪੁੱਟ ਮਾਰੀ ਸੀ, ਹੁਣ ਉਹ ਦੁੱਖ ਦੀ ਘੜੀ ਵਿੱਚ ਹਾਲ ਵੀ ਨਹੀਂ ਪੁੱਛ ਰਹੇ।