ਚੰਡੀਗੜ੍ਹ, 18 ਨਵੰਬਰ

ਸੁਪਰੀਮ ਕੋਰਟ ਨੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਤੇ ਇੰਡੀਅਨ ਸਰਟੀਫਿਕੇਟ ਆਫ ਸੈਕੰਡਰੀ ਐਜੂਕੇਸ਼ਨ (ਸੀਆਈਐੱਸਸੀਈ) ਦੀਆਂ 10ਵੀ ਤੇ 12ਵੀਂ ਕਲਾਸ ਦੀਆਂ ਟਰਮ-1 ਪ੍ਰੀਖਿਆਵਾਂ ਆਫਲਾਈਨ ਤੇ ਆਨਲਾਈਨ ਢੰਗ ਨਾਲ ਕਰਵਾਉਣ ਸਬੰੰਧੀ ਪਟੀਸ਼ਨ ਅੱਜ ਖਾਰਜ ਕਰ ਦਿੱਤੀ। ਇਸ ਸਬੰਧੀ ਦੋਵਾਂ ਬੋਰਡਾਂ ਦੇ ਛੇ ਵਿਦਿਆਰਥੀਆਂ ਨੇ ਪਟੀਸ਼ਨ ਦਾਇਰ ਕੀਤੀ ਸੀ ਕਿ ਕਰੋਨਾ ਦਾ ਪ੍ਰਕੋਪ ਘਟਿਆ ਨਹੀਂ ਹੈ ਜਿਸ ਕਰ ਕੇ ਵਿਦਿਆਰਥੀਆਂ ਨੂੰ ਆਫਲਾਈਨ ਜਾਂ ਆਨਲਾਈਨ ਦੋਵਾਂ ਵਿੱਚ ਇੱਕ ਢੰਗ ਨਾਲ ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ ਜਾਵੇ। ਅਦਾਲਤ ਨੇ ਵਿਦਿਆਰਥੀਆਂ ਦੇ ਆਖਰੀ ਸਮੇਂ ਪਟੀਸ਼ਨ ਦਾਖਲ ਕਰਨ ’ਤੇ ਵੀ ਇਤਰਾਜ਼ ਜਤਾਇਆ। ਜਸਟਿਸ ਏਐੱਮ ਖਾਨਵਿਲਕਰ ਤੇ ਜਸਟਿਸ ਸੀਟੀ ਰਵੀ ਕੁਮਾਰ ਨੇ ਪਟੀਸ਼ਨ ਖਾਰਜ ਕਰਦਿਆਂ ਕਿਹਾ ਕਿ ਬੋਰਡ ਕਲਾਸਾਂ ਦੀਆਂ ਪ੍ਰੀਖਿਆਵਾਂ 16 ਨਵੰਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ ਤੇ ਇਸ ਵੇਲੇ ਪ੍ਰੀਖਿਆਵਾਂ ਵਿੱਚ ਦਖਲ ਦੇਣ ਨਾਲ ਪ੍ਰੀਖਿਆਵਾਂ ਕਰਵਾਉਣ ਦਾ ਅਮਲ ਗੜਬੜਾ ਜਾਵੇਗਾ ਪਰ ਅਦਾਲਤ ਨੇ ਦੋਵਾਂ ਬੋਰਡਾਂ ਨੂੰ ਹਦਾਇਤ ਕੀਤੀ ਕਿ ਪ੍ਰੀਖਿਆਵਾਂ ਦੌਰਾਨ ਕਰੋਨਾ ਸਾਵਧਾਨੀਆਂ ਦਾ ਪਾਲਣ ਕੀਤਾ ਜਾਵੇ ਤੇ ਇੱਕ ਕਮਰੇ ਵਿੱਚ ਲੋੜ ਤੋਂ ਵੱਧ ਵਿਦਿਆਰਥੀ ਨਾ ਬਿਠਾਏ ਜਾਣ।