ਨਵੀਂ ਦਿੱਲੀ, 27 ਸਤੰਬਰ
ਸੁਪਰੀਮ ਕੋਰਟ ਨੇ ਅੱਜ ਸ਼ਿਵ ਸੈਨਾ ਨੂੰ ਝਟਕਾ ਦਿੰਦਿਆਂ ਏਕਨਾਥ ਸ਼ਿੰਦੇ ਧੜੇ ਨੂੰ ਵੱਡੀ ਰਾਹਤ ਦਿੱਤੀ ਹੈ। ਸਰਵਉਚ ਅਦਾਲਤ ਨੇ ਚੋਣ ਕਮਿਸ਼ਨ ਦੀ ਕਾਰਵਾਈ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਨੇ ਇਹ ਫੈਸਲਾ ਕਰਨਾ ਸੀ ਕਿ ਕਿਹੜੀ ਪਾਰਟੀ ਅਸਲੀ ਸ਼ਿਵ ਸੈਨਾ ਹੈ। ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੇ ਸੰਵਿਧਾਨਕ ਬੈਂਚ ਦੇ ਫੈਸਲੇ ਤੋਂ ਬਾਅਦ ਹੁਣ ਕਮਿਸ਼ਨ ਸ਼ਿਵ ਸੈਨਾ ਦੇ ਚੋਣ ਨਿਸ਼ਾਨ ’ਤੇ ਫੈਸਲਾ ਕਰ ਸਕਦਾ ਹੈ। ਊਧਵ ਠਾਕਰੇ ਲਈ ਇਹ ਵੱਡਾ ਝਟਕਾ ਹੈ ਕਿਉਂਕਿ ਊਧਵ ਨੇ ਇਸ ਮਾਮਲੇ ’ਚ ਵਿਧਾਇਕਾਂ ਦੀ ਯੋਗਤਾ ਤੈਅ ਹੋਣ ਤੱਕ ਚੋਣ ਕਮਿਸ਼ਨ ਦੀ ਕਾਰਵਾਈ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ।
ਊਧਵ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ 23 ਅਗਸਤ ਨੂੰ ਜਸਟਿਸ ਐਨ ਵੀ ਰਾਮੰਨਾ ਦੇ ਬੈਂਚ ਨੇ ਮਾਮਲੇ ਨੂੰ ਸੰਵਿਧਾਨਕ ਬੈਂਚ ਕੋਲ ਤਬਦੀਲ ਕਰਦੇ ਹੋਏ ਚੋਣ ਕਮਿਸ਼ਨ ਦੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਸੀ। ਜਸਟਿਸ ਰਾਮੰਨਾ ਨੇ ਕਿਹਾ ਸੀ ਕਿ ਸੰਵਿਧਾਨਕ ਬੈਂਚ ਤੈਅ ਕਰੇਗਾ ਕਿ ਕਮਿਸ਼ਨ ਦੀ ਕਾਰਵਾਈ ਜਾਰੀ ਰਹੇਗੀ ਜਾਂ ਨਹੀਂ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਚੋਣ ਨਿਸ਼ਾਨ ਨੂੰ ਲੈ ਕੇ ਸ਼ਿੰਦੇ ਧੜੇ ਦੀ ਪਟੀਸ਼ਨ ’ਤੇ ਨੋਟਿਸ ਭੇਜ ਕੇ ਸਾਰੀਆਂ ਪਾਰਟੀਆਂ ਨੂੰ ਜਵਾਬ ਦੇਣ ਲਈ ਕਿਹਾ ਸੀ।