ਨਵੀਂ ਦਿੱਲੀ, 5 ਅਗਸਤ
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਮਹਾਰਾਸ਼ਟਰ ਦੇ ਹਾਲੀਆ ਸਿਆਸੀ ਸੰਕਟ ਨਾਲ ਸਬੰਧਤ ਮਾਮਲੇ ਸੰਵਿਧਾਨਕ ਬੈਂਚ ਹਵਾਲੇ ਕਰਨ ਬਾਰੇ ਸੋਮਵਾਰ ਨੂੰ ਫ਼ੈਸਲਾ ਲਵੇਗਾ। ਚੀਫ਼ ਜਸਟਿਸ ਐੱਨ ਵੀ ਰਾਮੰਨਾ ਦੀ ਅਗਵਾਈ ਹੇਠਲੇ ਬੈਂਚ ਨੇ ਚੋਣ ਕਮਿਸ਼ਨ ਨੂੰ ਨਿਰਦੇਸ਼ ਦਿੱਤੇ ਕਿ ਉਹ ਏਕਨਾਥ ਸ਼ਿੰਦੇ ਧੜੇ ਦੀ ਉਸ ਪਟੀਸ਼ਨ ’ਤੇ ਕਾਹਲੀ ’ਚ ਕੋਈ ਫ਼ੈਸਲਾ ਨਾ ਲਵੇ ਜਿਸ ’ਚ ਕਿਹਾ ਗਿਆ ਹੈ ਕਿ ਉਸ ਨੂੰ ਹੀ ਅਸਲ ਸ਼ਿਵ ਸੈਨਾ ਮੰਨਦਿਆਂ ਪਾਰਟੀ ਦਾ ਚੋਣ ਨਿਸ਼ਾਨ ਦਿੱਤਾ ਜਾਵੇ। ਸਿਖਰਲੀ ਅਦਾਲਤ ਨੇ ਚੋਣ ਕਮਿਸ਼ਨ ਨੂੰ ਇਹ ਵੀ ਕਿਹਾ ਕਿ ਜੇਕਰ ਠਾਕਰੇ ਧੜਾ, ਸ਼ਿੰਦੇ ਧੜੇ ਦੀ ਅਰਜ਼ੀ ’ਤੇ ਭੇਜੇ ਨੋਟਿਸ ਦਾ ਜਵਾਬ ਦਾਖ਼ਲ ਕਰਨ ਲਈ ਸਮਾਂ ਮੰਗੇ ਤਾਂ ਉਨ੍ਹਾਂ ਦੀ ਬੇਨਤੀ ’ਤੇ ਵਿਚਾਰ ਕਰਦਿਆਂ ਢੁੱਕਵਾਂ ਸਮਾਂ ਦਿੱਤਾ ਜਾਵੇ। ਬੈਂਚ ਨੇ ਕਿਹਾ ਕਿ ਵਕੀਲਾਂ ਨੇ ਅਜਿਹੇ ਮੁੱਦੇ ਉਠਾਏ ਹਨ ਜੋ ਕਾਫੀ ਅਹਿਮ ਹਨ ਅਤੇ ਇਹ ਫ਼ੈਸਲਾ ਲੈਣਾ ਜ਼ਰੂਰੀ ਹੈ ਕਿ ਇਸ ਮਾਮਲੇ ਨੂੰ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਕੋਲ ਭੇਜਿਆ ਜਾਵੇ ਜਾਂ ਨਹੀਂ। ਉਨ੍ਹਾਂ ਕਿਹਾ,‘‘ਅਸੀਂ ਇਸ ਬਾਰੇ ਫ਼ੈਸਲਾ ਲਵਾਂਗੇ। ਉਧਰ ਅਰਜ਼ੀਕਾਰਾਂ (ਸ਼ਿੰਦੇ ਧੜਾ) ਵੱਲੋਂ ਜਵਾਬ ਦੇਣ ਲਈ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਤਰੀਕ 8 ਅਗਸਤ ਹੈ। ਜੇਕਰ ਉਨ੍ਹਾਂ (ਊਧਵ ਧੜਾ) ਨੂੰ ਮਾਮਲਾ ਬਕਾਇਆ ਹੋਣ ਕਾਰਨ ਜਵਾਬ ਦਾਖ਼ਲ ਕਰਨ ਲਈ ਹੋਰ ਵੱਧ ਸਮਾਂ ਚਾਹੀਦਾ ਹੈ ਤਾਂ ਉਹ ਅਰਜ਼ੀ ਦਾਖ਼ਲ ਕਰਨ। ਚੋਣ ਕਮਿਸ਼ਨ ਢੁੱਕਵਾਂ ਸਮਾਂ ਦੇਣ ਲਈ ਆਜ਼ਾਦ ਹੈ।’’ ਕੇਸ ਦੀ ਅੱਜ ਸੁਣਵਾਈ ਸ਼ੁਰੂ ਹੁੰਦੇ ਸਾਰ ਹੀ ਸ਼ਿੰਦੇ ਧੜੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਊਧਵ ਠਾਕਰੇ ਧੜੇ ਵੱਲੋਂ ਦਾਖ਼ਲ ਪਟੀਸ਼ਨਾਂ ’ਤੇ ਕਾਨੂੰਨੀ ਮੁੱਦਿਆਂ ਬਾਰੇ ਨਵੇਂ ਸਿਰਿਓਂ ਸੂਚੀ ਪੇਸ਼ ਕੀਤੀ। ਸਾਲਵੇ ਨੇ ਕਿਹਾ ਕਿ ਦਲਬਦਲੀ ਕਾਨੂੰਨ ਅਸਹਿਮਤੀ ਵਿਰੋਧੀ ਕਾਨੂੰਨ ਨਹੀਂ ਹੋ ਸਕਦਾ ਹੈ। ਬੈਂਚ ਨੇ ਕਿਹਾ ਕਿ ਜੇਕਰ ਚੁਣੇ ਜਾਣ ਮਗਰੋਂ ਆਗੂ ਆਪਣੀ ਸਿਆਸੀ ਪਾਰਟੀ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਨਗੇ ਤਾਂ ਫਿਰ ਇਹ ਲੋਕਤੰਤਰ ਨੂੰ ਖ਼ਤਰਾ ਹੈ। ਠਾਕਰੇ ਧੜੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਆਪਣੇ ਵਿਹਾਰ ਕਾਰਨ 40 ਬਾਗ਼ੀ ਵਿਧਾਇਕ ਅਯੋਗਤਾ ਦੇ ਦਾਇਰੇ ’ਚ ਆਉਂਦੇ ਹਨ ਅਤੇ ਉਹ ਇਹ ਨਹੀਂ ਆਖ ਸਕਦੇ ਹਨ ਕਿ ਉਨ੍ਹਾਂ ਦਾ ਧੜਾ ਹੀ ਅਸਲੀ ਸ਼ਿਵ ਸੈਨਾ ਹੈ। ਚੋਣ ਕਮਿਸ਼ਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਰਵਿੰਦ ਦਾਤਾਰ ਨੇ ਕਿਹਾ ਕਿ 10ਵੀਂ ਸੂਚੀ ਵੱਖਰਾ ਮਾਮਲਾ ਹੈ। ‘ਜੇਕਰ ਉਹ ਅਯੋਗ ਠਹਿਰਾਏ ਜਾਂਦੇ ਹਨ ਤਾਂ ਉਹ ਵਿਧਾਨ ਸਭਾ ਦੇ ਮੈਂਬਰ ਨਹੀਂ ਰਹਿਣਗੇ ਪਰ ਸਿਆਸੀ ਪਾਰਟੀ ਰਹੇਗੀ। ਇਹ ਦੋਵੇਂ ਮਾਮਲੇ ਵੱਖੋ ਵੱਖਰੇ ਹਨ। ਵਿਧਾਨ ਸਭਾ ’ਚ ਜੋ ਕੁਝ ਹੁੰਦਾ ਹੈ, ਉਸ ਦਾ ਸਿਆਸੀ ਪਾਰਟੀ ਦੀ ਮੈਂਬਰਸ਼ਿਪ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ।’ ਸ਼ਿਵ ਸੈਨਾ ਦੇ ਊਧਵ ਠਾਕਰੇ ਧੜੇ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਵਫ਼ਾਦਾਰ ਪਾਰਟੀ ਵਿਧਾਇਕ ਆਪਣੇ ਆਪ ਨੂੰ ਅਯੋਗਤਾ ਤੋਂ ਤਾਂ ਹੀ ਬਚਾ ਸਕਦੇ ਹਨ ਜੇਕਰ ਉਹ ਕਿਸੇ ਦੂਜੀ ਪਾਰਟੀ ’ਚ ਆਪਣਾ ਰਲੇਵਾਂ ਕਰ ਲੈਂਦੇ ਹਨ।