ਮੁੰਬਈ:ਵੈੱਬ ਸੀਰੀਜ਼ ‘ਸਨਫਲਾਵਰ’ ਵਿੱਚ ਅਹਿਮ ਕਿਰਦਾਰ ਨਿਭਾ ਰਹੇ ਅਦਾਕਾਰ ਰਣਵੀਰ ਸ਼ੋਰੀ ਨੇ ਆਖਿਆ ਕਿ ਕੰਮ ਕਰਨ ਲਈ ਸੁਨੀਲ ਗਰੋਵਰ ਕਮਾਲ ਦਾ ਅਦਾਕਾਰ ਹੈ। ਉਸ ਨੇ ਆਖਿਆ,‘ਵੈੱਬ ਸੀਰੀਜ਼ ਦੀ ਕਹਾਣੀ ਸੁਣਾਉਣ ਮਗਰੋਂ ਮੈਨੂੰ ਪੁੱਛਿਆ ਗਿਆ ਕਿ ਸੋਨੂ ਦੀ ਭੂਮਿਕਾ ਕੌਣ ਨਿਭਾੲੇਗਾ ਅਤੇ ਮੈਂ ਕਿਹਾ ਕਿ ਇਹ ਕੰਮ ਸੁਨੀਲ ਕਰੇਗਾ। ਮੈਂ ਉਦੋਂ ਇਸ ਕਹਾਣੀ ਦਾ ਹਿੱਸਾ ਬਣਨ ਤੋਂ ਬਹੁਤ ਖੁਸ਼ ਸੀ।’’ ਸ਼ੋਰੀ ਨੇ ਆਖਿਆ,‘‘ਇਹ ਕਤਲ ਦੀ ਇੱਕ ਰਹੱਸਮਈ ਕਹਾਣੀ ਹੈ ਅਤੇ ਸੁਨੀਲ ਨਾਲ ਕੰਮ ਕਰਨਾ ਬਹੁਤ ਖੁਸ਼ੀ ਦੀ ਗੱਲ ਹੈ। ਉਹ ਸੱਚਮੁਚ ਹੁਨਰਮੰਦ ਅਦਾਕਾਰ ਹੈ। ਉਸ ਨੂੰ ਅੱਜ ਅਜਿਹੇ ਮੌਕੇ ਮਿਲ ਰਹੇ ਜਿਨ੍ਹਾਂ ਦੇ ਉਹ ਕਾਬਲ ਹੈ। ਉਸ ਨੇ ਆਪਣਾ ਸਫ਼ਰ ਕਾਮੇਡੀ ਤੋਂ ਸ਼ੁਰੂ ਕੀਤਾ ਸੀ, ਜਿਸ ਕਾਰਨ ਉਸ ਦਾ ਕਰੀਅਰ ਥੋੜ੍ਹਾ ਅਲੱਗ ਹੈ ਪਰ ਸੱਚਮੁੱਚ ਸੁਨੀਲ ਕਮਾਲ ਦਾ ਅਦਾਕਾਰ ਹੈ।’’ ਇਸ ਸੀਰੀਜ਼ ਦੀ ਕਹਾਣੀ ‘ਸਨਫਲਾਵਰ’ ਨਾਮੀ ਹਾਊਸਿੰਗ ਸੁਸਾਇਟੀ ਵਿੱਚ ਹੋਏ ਕਤਲ ਦੇ ਦੁਆਲੇ ਘੁੰਮਦੀ ਹੈ ਅਤੇ ਇਸ ਮਾਮਲੇ ਦੀ ਪੜਤਾਲ ਹੁੰਦੀ ਹੈ। ਰਣਵੀਰ ਨੇ ਪੁਲੀਸ ਇੰਸਪੈਕਟਰ ਦਾ ਕਿਰਦਾਰ ਨਿਭਾਇਆ ਹੈ ਜਦੋਂਕਿ ਸੁਨੀਲ ਨੇ ਸੋਨੂ ਦਾ, ਜਿਹੜਾ ਉਥੋਂ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਰਣਵੀਰ ਇਸ ਤੋਂ ਪਹਿਲਾਂ ‘ਰੰਗਬਾਜ਼ ਅਤੇ ਲੂਟਕੇਸ’ ਵਿੱਚ ਪੁਲੀਸ ਅਫ਼ਸਰ ਦੀ ਭੂਮਿਕਾ ਨਿਭਾ ਚੁੱਕਿਆ ਹੈ। ਸ਼ੋਰੀ ਨੇ ਦੱਸਿਆ ਕਿ ਉਹ ਕਿਵੇਂ ਹਰ ਵਾਰ ਬਿਹਤਰ ਢੰਗ ਨਾਲ ਪੁਲੀਸ ਅਫ਼ਸਰ ਦਾ ਕਿਰਦਾਰ ਨਿਭਾਉਣ ਲਈ ਕਿਹੜੇ ਹੀਲੇ ਵਰਤਦਾ ਹੈ।