ਵੈਂਟਾ:ਸੁਦੀਰਮਨ ਬੈਡਮਿੰਟਨ ਕੱਪ ਵਿਚ ਭਾਰਤ ਥਾਈਲੈਂਡ ਤੋਂ 1-4 ਨਾਲ ਹਾਰ ਗਿਆ ਹੈ। ਸਿਰਫ਼ ਐਮਆਰ ਅਰਜੁਨ ਤੇ ਧਰੁਵ ਕਪਿਲਾ ਦੀ ਭਾਰਤੀ ਪੁਰਸ਼ਾਂ ਦੀ ਜੋੜੀ ਨੇ ਚੰਗਾ ਪ੍ਰਦਰਸ਼ਨ ਕੀਤਾ। ਪੀਵੀ ਸਿੰਧੂ, ਚਿਰਾਗ ਸ਼ੈੱਟੀ ਤੇ ਸਾਤਵਿਕਸਾਈਰਾਜ ਰੰਕੀਰੈੱਡੀ ਦੀ ਜੋੜੀ ਨੇ ਇਸ ਮੁਕਾਬਲੇ ਵਿਚ ਹਿੱਸਾ ਨਹੀਂ ਲਿਆ ਸੀ। ਮੁਕਾਬਲੇ ਦੀ ਜ਼ਿੰਮੇਵਾਰੀ ਸੀਨੀਅਰ ਖਿਡਾਰੀਆਂ ਕਿਦਾਂਬੀ ਸ੍ਰੀਕਾਂਤ, ਅਸ਼ਵਿਨੀ ਪੋਨੱਪਾ ਤੇ ਐੱਨ ਸਿੱਕੀ ਦੇ ਮੋਢਿਆਂ ਉਤੇ ਸੀ। ਹਾਲਾਂਕਿ ਸ੍ਰੀਕਾਂਤ ਅਤੇ ਅਸ਼ਵਿਨੀ ਤੇ ਸਿੱਕੀ ਦੀ ਜੋੜੀ ਆਪੋ-ਆਪਣੇ ਮੈਚ ਹਾਰ ਗਏ। ਮਾਲਵਿਕਾ ਬਨਸੋੜ ਵੀ ਔਰਤਾਂ ਦੇ ਸਿੰਗਲਜ਼ ਵਰਗ ਵਿਚ ਆਪਣਾ ਮੈਚ ਹਾਰ ਗਈ। ਅਰਜੁਨ ਤੇ ਕਪਿਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੁਪਾਕ ਜੋਮਕੋਹ ਤੇ ਕਿੱਟੀਨੁਪੋਂਗ ਕੇਦਰਨ ਦੀ ਜੋੜੀ ਨੂੰ 21-18, 21-17 ਨਾਲ ਮਾਤ ਦਿੱਤੀ। ਪੰਜਵੇਂ ਤੇ ਆਖਰੀ ਮੈਚ ਵਿਚ ਬੀ. ਸਾਈ ਪ੍ਰਨੀਤ ਤੇ ਤਨੀਸ਼ਾ ਕ੍ਰਾਸਟੋ ਦੀ ਜੋੜੀ 13-21, 11-21 ਨਾਲ ਹਾਰ ਗਈ। ਭਾਰਤ ਹੁਣ ਸਾਬਕਾ ਚੈਂਪੀਅਨ ਚੀਨ ਨਾਲ ਖੇਡੇਗਾ। ਇਸ ਤੋਂ ਬਾਅਦ ਮੇਜ਼ਬਾਨ ਫਿਨਲੈਂਡ ਨਾਲ ਵੀ ਮੁਕਾਬਲਾ ਹੋਵੇਗਾ।