ਅੰਮ੍ਰਿਤਸਰ, ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਰੇਲ ਹਾਦਸੇ ਵਾਲੀ ਥਾਂ, ਸ਼ਮਸ਼ਾਨਘਾਟ ਤੇ ਹਸਪਤਾਲਾਂ ਦਾ ਦੌਰਾ ਕਰਨ ਮਗਰੋਂ ਰੇਲ ਹਾਦਸੇ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਅਤੇ ਕੈਬਨਿਟ ’ਚੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ। ਅਕਾਲੀ ਆਗੂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਤੀ ਵਿਅਕਤੀ ਇਕ ਕਰੋੜ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ।
ਅੱਜ ਬਾਅਦ ਦੁਪਹਿਰ ਸ੍ਰੀ ਬਾਦਲ ਨੇ ਰੇਲ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਨਾਲ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਸਨ। ਉਹ ਦੁਰਗਿਆਣਾ ਮੰਦਿਰ ਦੇ ਸ਼ਮਸ਼ਾਨਘਾਟ ਵੀ ਗਏ, ਜਿੱਥੇ ਲਾਸ਼ਾਂ ਦਾ ਸਸਕਾਰ ਕੀਤਾ ਜਾ ਰਿਹਾ ਸੀ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਉਹ ਗੁਰੂ ਨਾਨਕ ਦੇਵ ਹਸਪਤਾਲ ਵੀ ਗਏ। ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਉਹ ਰੇਲ ਹਾਦਸੇ ’ਤੇ ਕੋਈ ਸਿਆਸਤ ਨਹੀਂ ਕਰ ਰਹੇ ਹਨ, ਉਹ ਸਿਰਫ਼ ਉਹੀ ਗੱਲ ਕਰ ਰਹੇ ਹਨ, ਜੋ ਲੋਕਾਂ ਦੀ ਆਵਾਜ਼ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਕਰਵਾਈ ਜਾਣ ਵਾਲੀ ਜਾਂਚ ਨੂੰ ਮੂਲੋਂ ਰੱਦ ਕਰਦਿਆਂ ਆਖਿਆ ਕਿ ਸਰਕਾਰੀ ਅਧਿਕਾਰੀ ਆਪਣੀ ਸਰਕਾਰ ਦੀ ਮਨਸ਼ਾ ਮੁਤਾਬਿਕ ਹੀ ਜਾਂਚ ਕਰਨਗੇ, ਇਸ ਲਈ ਹਾਦਸੇ ਦੀ ਜਾਂਚ ਸੂਬੇ ਤੋਂ ਬਾਹਰ ਕਿਸੇ ਨਿਰਪੱਖ ਏਜੰਸੀ ਤੋਂ ਹੋਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਰਜਨ ਭਰ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜੀਅ ਅਜੇ ਵੀ ਲਾਪਤਾ ਹਨ।
ਸ੍ਰੀ ਬਾਦਲ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਇਸ ਮਾਮਲੇ ਵਿਚ ਦੋਸ਼ੀਆਂ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ ਤੇ ਹਾਦਸੇ ਨੂੰ ਕੁਦਰਤੀ ਹਾਦਸਾ ਠਹਿਰਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਲਈ ਸਮਾਗਮ ਦੇ ਪ੍ਰਬੰਧਕ ਤੇ ਪ੍ਰਸ਼ਾਸਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਦਸਹਿਰਾ ਸਮਾਗਮ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਹਾਮੀ ਨਾਲ ਕਾਂਗਰਸੀ ਆਗੂਆਂ ਵੱਲੋਂ ਇਸ ਸਥਾਨ ’ਤੇ ਕਰਾਇਆ ਗਿਆ, ਜਿਸ ਬਾਰੇ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੇ ਕਿਸੇ ਤਰ੍ਹਾਂ ਦੀ ਇਜਾਜ਼ਤ ਲੈਣ ਦੀ ਗੱਲ ਕੀਤੀ ਹੈ। ਪ੍ਰਬੰਧਕਾਂ ਨੇ ਸਮਾਗਮ ਸਬੰਧੀ ਇਜਾਜ਼ਤ ਲੈਣੀ ਜ਼ਰੂਰੀ ਨਹੀਂ ਸਮਝੀ। ਉਨ੍ਹਾਂ ਆਖਿਆ ਕਿ ਪ੍ਰਬੰਧਕਾਂ ਵਲੋਂ ਬਣਾਏ ਬੋਰਡਾਂ ’ਤੇ ਸਿੱਧੂ ਜੋੜੇ ਦੇ ਨਾਂ ਦੇਖੇ ਜਾ ਸਕਦੇ ਹਨ। ਸ੍ਰੀ ਬਾਦਲ ਨੇ ਆਖਿਆ ਕਿ ਰਾਤੋ-ਰਾਤ ਹਾਦਸੇ ਵਾਲੀ ਥਾਂ ਨੂੰ ਸਾਫ਼ ਕਰ ਦਿੱਤਾ ਗਿਆ ਹੈ ਤੇ ਇੱਥੋਂ ਸਬੂਤਾਂ ਨੂੰ ਮਿਟਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕਰੇਗਾ।
ਇਸ ਮੌਕੇ ਸ੍ਰੀ ਬਾਦਲ ਨਾਲ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ, ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ, ਮਲਕੀਤ ਸਿੰਘ ਏਆਰ ਤੇ ਮਨਜੀਤ ਸਿੰਘ ਮੰਨਾ ਵੀ ਹਾਜ਼ਰ ਸਨ।
‘ਡਾ. ਨਵਜੋਤ ਕੌਰ ਸਿੱਧੂ ਦੇ ਦਾਅਵੇ ਝੂਠੇ’
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਵੱਲੋਂ ਕੀਤੇ ਜਾ ਰਹੇ ਦਾਅਵੇ ਕਿ ਉਹ ਘਟਨਾ ਤੋਂ ਪਹਿਲਾਂ ਇੱਥੋਂ ਚਲੇ ਗਏ ਸਨ, ਝੂਠ ਹਨ। ਉਨ੍ਹਾਂ ਕਿਹਾ ਕਿ ਡਾ. ਸਿੱਧੂ 6.38 ਮਿੰਟ ’ਤੇ ਸਮਾਗਮ ਵਿਚ ਸ਼ਾਮਲ ਹੋਣ ਆਏ ਤੇ 6.46 ’ਤੇ ਉਹ ਭਾਸ਼ਣ ਦੇ ਰਹੇ ਸਨ। 6.53 ’ਤੇ ਰਾਵਣ ਦਾ ਪੁਤਲਾ ਸਾੜਿਆ ਗਿਆ ਤੇ 6.53 ਮਿੰਟ 35 ਸੈਕਿੰਡ ’ਤੇ ਇਹ ਰੇਲ ਹਾਦਸਾ ਵਾਪਰਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਡਾ. ਸਿੱਧੂ ਹਾਦਸੇ ਤੋਂ ਚਾਰ ਮਿੰਟ ਬਾਅਦ ਲੋਕਾਂ ਨੂੰ ਰੌਂਦੇ ਕੁਰਲਾਉਂਦੇ ਛੱਡ ਕੇ ਮੌਕੇ ਤੋਂ ਚਲੇ ਗਏ ਸਨ। ਉਨ੍ਹਾਂ ਕਿਹਾ ਕਿ ਡਾ. ਸਿੱਧੂ ਦੀ ਇਹ ਕਾਰਵਾਈ ਗ਼ੈਰ-ਜ਼ਿੰਮੇਵਾਰਾਨਾ ਹੈ। ਇਸ ਦੌਰਾਨ ਭਾਜਪਾ ਨੇ ਵੀ ਡਾ. ਸਿੱਧੂ ਖ਼ਿਲਾਫ਼ ਕਾਰਵਾਈ ਮੰਗੀ ਹੈ।