ਨਾਭਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਾਭਾ ਜੇਲ੍ਹ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਸੁਖਬੀਰ ਨੇ ਆਮ ਆਦਮੀ ਪਾਰਟੀ ‘ਤੇ ਬਿਕਰਮ ਨੂੰ ਝੂਠੇ ਮੁਕੱਦਮਿਆਂ ਵਿੱਚ ਫਸਾਉਣ ਦਾ ਦੋਸ਼ ਲਗਾਇਆ ਅਤੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੂੰ ਚਿਤਾਵਨੀ ਵੀ ਦਿੱਤੀ।
ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਕਾਰਨ ਪਿਛਲੇ ਤਿੰਨ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹਨ। ਇਹ ਸੁਖਬੀਰ ਬਾਦਲ ਅਤੇ ਬਿਕਰਮ ਦੀ ਪਹਿਲੀ ਮੁਲਾਕਾਤ ਸੀ।
ਸੁਖਬੀਰ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, “ਤਿੰਨ ਮਹੀਨੇ ਹੋ ਗਏ, ਬਿਕਰਮ ਮਜੀਠੀਆ ਨੂੰ ਝੂਠੇ ਕੇਸ ਵਿੱਚ ਜੇਲ੍ਹ ਵਿੱਚ ਰੱਖਿਆ ਹੈ। ਇਹ ਸੋਚਦੇ ਹਨ ਕਿ ਜੇਲ੍ਹ ਵਿੱਚ ਬੰਦ ਕਰਕੇ ਉਸ ਦਾ ਹੌਂਸਲਾ ਤੋੜ ਦੇਣਗੇ, ਪਰ ਅਕਾਲੀ ਦਲ ਦੇ ਆਗੂ ਜਿੰਨਾ ਦਬਾਇਆ ਜਾਵੇ, ਓਨਾ ਹੀ ਮਜ਼ਬੂਤ ਹੋ ਕੇ ਸਾਹਮਣੇ ਆਉਂਦੇ ਹਨ। ਪ੍ਰਕਾਸ਼ ਸਿੰਘ ਬਾਦਲ 16 ਸਾਲ ਜੇਲ੍ਹ ਵਿੱਚ ਰਹੇ ਸਨ।”
ਉਨ੍ਹਾਂ ਅੱਗੇ ਕਿਹਾ, “ਮੈਂ, ਹਰਸਿਮਰਤ ਅਤੇ ਮੇਰੀ ਪਤਨੀ ਗੁਨੀਤ ਨੇ ਮਿਲਣ ਦੀ ਕੋਸ਼ਿਸ਼ ਕੀਤੀ। ਪਿਛਲੇ ਤਿੰਨ ਦਿਨਾਂ ਵਿੱਚ ਦੋ ਵਾਰ ਵਕੀਲ ਮਿਲੇ, ਇੱਕ ਵਾਰ ਗੁਨੀਤ ਨੇ ਮੁਲਾਕਾਤ ਕੀਤੀ ਅਤੇ ਇੱਕ ਵਾਰ ਹਰਸਿਮਰਤ ਨੂੰ ਰੱਖੜੀ ਦੇ ਸਮੇਂ ਮਿਲਣ ਦਿੱਤਾ ਗਿਆ। ਮੈਂ ਹੈਰਾਨ ਹਾਂ ਕਿ ਇਨ੍ਹਾਂ ਦੇ ਲਾਲਪੁਰਾ ਵਰਗੇ ਆਗੂ, ਜੋ ਜੇਲ੍ਹ ਵਿੱਚ ਹਨ, ਰੋਜ਼ ਮਿਲ ਸਕਦੇ ਹਨ, ਝੂਠੇ ਐਨਕਾਊਂਟਰ ਕਰਨ ਵਾਲੇ ਵੀ ਰੋਜ਼ ਮਿਲਦੇ ਹਨ, ਪਰ ਸਾਨੂੰ ਮਿਲਣ ਵਿੱਚ ਰੋਕਿਆ ਜਾ ਰਿਹਾ ਹੈ।’