ਮਹਾਰਾਸ਼ਟਰ ਦੇ ਨਾਂਦੇੜ ਸਥਿਤ ਗੁਰਦੁਆਰਾ ਮਾਤਾ ਸਾਹਿਬ ਵਿਖੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਵਾਲੇ ਨਿਹੰਗ ਜਸਪਾਲ ਸਿੰਘ ਨੇ ਪੁਲਿਸ ਪੁੱਛਗਿੱਛ ਦੌਰਾਨ ਵੱਡਾ ਦਾਅਵਾ ਕੀਤਾ ਹੈ।
ਨਿਹੰਗ ਨੇ ਕਿਹਾ ਕਿ ਜਦੋਂ ਉਹ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰ ਰਿਹਾ ਸੀ ਤਾਂ ਉਸ ਨੂੰ ਆਪਣੀ ਅੰਤਰ-ਆਤਮਾ ਤੋਂ ਵਾਹਿਗੁਰੂ ਦਾ ਹੁਕਮ ਮਿਲਿਆ। ਉਸ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਜਦੋਂ ਸੁਖਬੀਰ ਸਿੰਘ ਬਾਦਲ ਉਸ ਦੇ ਸਾਹਮਣੇ ਆਏ ਤਾਂ ਉਸ ਨੇ ਆਪਣੀ ਕ੍ਰਿਪਾਨ ਨਾਲ ਉਨ੍ਹਾਂ ’ਤੇ ਵਾਰ ਕਰ ਦਿੱਤਾ।
ਕਿਸੇ ਦੇ ਦਬਾਅ ਜਾਂ ਪੈਸਿਆਂ ਲਈ ਨਹੀਂ ਕੀਤਾ ਹਮਲਾ
ਪੁਲਿਸ ਪੁੱਛਗਿੱਛ ਵਿੱਚ ਜਸਪਾਲ ਸਿੰਘ ਨੇ ਕਿਹਾ ਕਿ ਉਸ ਨੇ ਇਹ ਹਮਲਾ ਕਿਸੇ ਹੋਰ ਵਿਅਕਤੀ ਦੇ ਕਹਿਣ, ਬਾਹਰੀ ਦਬਾਅ ਜਾਂ ਪੈਸਿਆਂ ਦੇ ਲਾਲਚ ਵਿੱਚ ਆ ਕੇ ਨਹੀਂ ਕੀਤਾ। ਉਸ ਨੇ ਕਿਸੇ ਨਾਲ ਆਪਣਾ ਕੋਈ ਸਬੰਧ ਹੋਣ ਤੋਂ ਵੀ ਇਨਕਾਰ ਕੀਤਾ ਹੈ।
ਉਸ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲਗਾਤਾਰ ਵਿਗੜ ਰਹੇ ਹਾਲਾਤ ਅਤੇ ਨੌਜਵਾਨਾਂ ਵਿੱਚ ਵਧ ਰਹੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਉਹ ਕਾਫ਼ੀ ਪਰੇਸ਼ਾਨ ਅਤੇ ਗੁੱਸੇ ਵਿੱਚ ਸੀ। ਪੁੱਛਗਿੱਛ ਮੁਤਾਬਕ ਉਹ ਇਸ ਲਈ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਮੰਨਦਾ ਹੈ।
ਜਸਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਗੁਰਦੁਆਰਾ ਸਾਹਿਬ ਵਿੱਚ ਸੁਖਬੀਰ ਬਾਦਲ ਨੂੰ ਦੇਖਿਆ ਤਾਂ ਉਹ ਅਚਾਨਕ ਆਵੇਸ਼ ਵਿੱਚ ਆ ਗਿਆ ਅਤੇ ਕ੍ਰਿਪਾਨ ਨਾਲ ਹਮਲਾ ਕਰ ਦਿੱਤਾ। ਉਸ ਦਾ ਕਹਿਣਾ ਹੈ ਕਿ ਵਾਰਦਾਤ ਨੂੰ ਉਸ ਨੇ ਇਕੱਲਿਆਂ ਹੀ ਅੰਜਾਮ ਦਿੱਤਾ।
ਮਜੀਠੀਆ ਦਾ ਦਾਅਵਾ- 150 ਦੇ ਕਰੀਬ ਟਾਂਕੇ ਲੱਗੇ
ਉਧਰ, ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੁਖਬੀਰ ਬਾਦਲ ਦੀ ਸਿਹਤ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਹੱਥ ’ਤੇ ਸਿਰਫ਼ 7-8 ਟਾਂਕੇ ਨਹੀਂ, ਸਗੋਂ ਕਰੀਬ 150 ਟਾਂਕੇ ਲੱਗੇ ਹਨ ਅਤੇ ਹੱਥ ਦੀ ਹੱਡੀ ਵੀ ਫ੍ਰੈਕਚਰ ਹੋਈ ਹੈ।
ਮਜੀਠੀਆ ਮੁਤਾਬਕ ਸੁਖਬੀਰ ਬਾਦਲ ਨੂੰ ਗੁਰਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਵੀ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਇੱਕ ਵਫ਼ਦ ਜਲਦ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗਾ ਅਤੇ ਸੁਖਬੀਰ ਬਾਦਲ ’ਤੇ ਲਗਾਤਾਰ ਹੋ ਰਹੇ ਹਮਲਿਆਂ ਦੀ NIA ਤੋਂ ਜਾਂਚ ਕਰਵਾਉਣ ਦੀ ਮੰਗ ਕਰੇਗਾ। ਸੁਖਬੀਰ ਬਾਦਲ ’ਤੇ ਇਹ ਹਮਲਾ 13 ਅਗਸਤ ਨੂੰ ਹੋਇਆ ਸੀ।
ਹਮਲੇ ਤੋਂ ਬਾਅਦ ਸੁਖਬੀਰ ਬਾਦਲ ਨੇ ਕੀ ਕਿਹਾ?
ਹਮਲੇ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਰੋਮ-ਰੋਮ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਕਰਜ਼ਦਾਰ ਹੈ ਅਤੇ ਗੁਰੂ ਸਾਹਿਬ ਨੇ ਹਰ ਮੁਸ਼ਕਲ ਸਮੇਂ ਉਨ੍ਹਾਂ ’ਤੇ ਮਿਹਰ ਭਰਿਆ ਹੱਥ ਰੱਖਿਆ ਹੈ।
ਉਨ੍ਹਾਂ ਕਰੀਬ ਇੱਕ ਸਾਲ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਸਥਾਨ ’ਤੇ ਹੋਏ ਜਾਨਲੇਵਾ ਹਮਲੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਸ ਸਮੇਂ ਵੀ ਗੁਰੂ ਮਹਾਰਾਜ ਨੇ ਉਨ੍ਹਾਂ ਨੂੰ ਜੀਵਨਦਾਨ ਦਿੱਤਾ ਸੀ।
ਸੁਖਬੀਰ ਬਾਦਲ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਉਨ੍ਹਾਂ ਦਾ ਮਨ ਕਿਸੇ ਵੀ ਦੁਸ਼ਮਣੀ ਜਾਂ ਵੈਰ-ਵਿਰੋਧ ਦੀ ਭਾਵਨਾ ਤੋਂ ਮੁਕਤ ਹੈ। ਉਨ੍ਹਾਂ ਕਿਹਾ ਕਿ ਉਹ ਨਿਮਰਤਾ ਅਤੇ ਸੇਵਾ ਭਾਵਨਾ ਨਾਲ ਸੰਗਤ ਦੀ ਸੇਵਾ ਕਰਦੇ ਰਹਿਣਗੇ ਅਤੇ ਗੁਰਬਾਣੀ ਦੀ ਤੁਕ “ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ॥” ਦੇ ਆਦਰਸ਼ ’ਤੇ ਚੱਲਦੇ ਰਹਿਣਗੇ।
