ਦਾਖਾ, 17 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਘੇਰਦਿਆਂ ਕਿਹਾ ਕਿ ਜਿੱਥੇ ਉਸ ਦੇ ਭਾਜਪਾ ਨਾਲ ਰਿਸ਼ਤੇ ਸਮਝੋਂ ਬਾਹਰ ਹਨ ਉਥੇ ਹਰਿਆਣਾ ਚੋਣਾਂ ਵਿੱਚ ਇਨੈਲੋ ਨੂੰ ਸਮਰਥਨ ਦੇ ਕੇ ਅਕਾਲੀ ਆਗੂ ਨੇ ਪੰਜਾਬ ਦੇ ਪਾਣੀਆਂ ਨੂੰ ਦਾਅ ’ਤੇ ਲਾ ਦਿੱਤਾ ਹੈ। ਮੁੱਖ ਮੰਤਰੀ ਨੇ ਇਹ ਗੱਲ ਅੱਜ ਦਾਖਾ ਵਿਖੇ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਰੋਡ ਸ਼ੋਅ ਦੌਰਾਨ ਕਹੀ।

ਮੁੱਖ ਮੰਤਰੀ ਨੇ ਕਿਹਾ ਕਿ ਇਨੈਲੋ ਦੇ ਪਾਣੀਆਂ ਦਾ ਮਾਮਲੇ ਉਤੇ ਪੱਖ ਨੂੰ ਦੇਖਦਿਆਂ ਇਹ ਗੱਲ ਸਪੱਸ਼ਟ ਹੈ ਕਿ ਚੌਟਾਲਿਆਂ ਦੇ ਹੱਕ ਵਿੱਚ ਖੜਨ ਦਾ ਅਰਥ ਪੰਜਾਬ ਦੇ ਪਾਣੀਆਂ ਉਤੇ ਹੱਕਾਂ ਨੂੰ ਸਿੱਧਾ ਖਤਰਾ ਹੈ। ਉਨਾਂ ਕਿਹਾ ਕਿ ਅਕਾਲੀ ਦਲ ਨੇ ਜਿੱਥੇ ਹਰਿਆਣਾ ਵਿੱਚ ਇਨੈਲੋ ਨੂੰ ਸਮਰਥਨ ਦਿੰਦਿਆਂ ਭਾਜਪਾ ਖਿਲਾਫ ਉਮੀਦਵਾਰ ਖੜੇ ਕੀਤੇ ਹਨ ਉਥੇ ਪੰਜਾਬ ਵਿੱਚ ਉਹ ਭਾਜਪਾ ਦੇ ਸਹਿਯੋਗੀ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਸ ਪਾਰਟੀ ਦਾ ਕੋਈ ਸਿਧਾਂਤ ਨਹੀਂ। ਅਕਾਲੀ ਦਲ ਸੱਤਾ ਦੀ ਭੁੱਖੀ ਪਾਰਟੀ ਹੈ ਜਿਹੜੀ ਸੱਤਾ ਖਾਤਰ ਕੁਝ ਵੀ ਕਰ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਦੇ ਵਤੀਰੇ ਨੇ ਵੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਰਿਸ਼ਤਿਆਂ ਨੂੰ ਨੰਗਾ ਕਰ ਦਿੱਤਾ ਹੈ। ਪੰਜਾਬ ਵਿੱਚ ਇਨਾਂ ਦੇ ਗਠਜੋੜ ਵਿੱਚ ਜਿੰਨੀ ਤਰੇੜ ਨਜ਼ਰ ਆ ਰਹੀ ਹੈ, ਅਸਲ ਵਿੱਚ ਉਸ ਤੋਂ ਵੀ ਜ਼ਿਆਦਾ ਫਰਕ ਪੈ ਗਿਆ ਹੈ।

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਵੱਲੋਂ ਭਾਰਤੀ ਸ਼ਰਧਾਲੂਆਂ ’ਤੇ ਲਾਈ ਫੀਸ ਵਿਰੁੱਧ ਲੜਾਈ ਜਾਰੀ ਰੱਖਣ ਦੀ ਪ੍ਰਤੀਬੱਧਤਾ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਉਦੋਂ ਤੱਕ ਆਪਣੀ ਵਿਰੋਧ ਜਾਰੀ ਰੱਖਣਗੇ ਜਦੋਂ ਤੱਕ ਲਾਂਘੇ ਰਾਹੀਂ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਣ ਦੀ ਵਿਧੀ ਨੂੰ ਸੁਖਾਲਾ ਨਹੀਂ ਕੀਤਾ ਜਾਂਦਾ।

ਦਾਖਾ ਵਿਖੇ ਰੋਡ ਸ਼ੋਅ ਦੌਰਾਨ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਗਰੀਬ ਸ਼ਰਧਾਲੂ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਰੱਖਦਾ ਹੈ, ਉਹ ਫੀਸ ਅਤੇ ਪਾਸਪੋਰਟ ਦੇ ਖਰਚੇ ਝੱਲ ਨਹੀਂ ਸਕਦਾ। ਉਨਾਂ ਕਿਹਾ ਕਿ ਇਹ ਗੱਲਾਂ ‘ਖੁੱਲੇ ਦਰਸ਼ਨ ਦੀਦਾਰ’ ਕਰਨ ਦੀ ਵਿਚਾਰਧਾਰ ਦੇ ਖਿਲਾਫ ਹਨ।

ਮੁੱਖ ਮੰਤਰੀ ਦਾ ਰੋਡ ਸ਼ੋਅ ਅੱਜ ਦਾਖਾ ਹਲਕੇ ਦੇ ਜਿਸ ਵੀ ਖੇਤਰ ਵਿੱਚੋਂ ਗੁਜ਼ਰਿਆਂ ਲੋਕਾਂ ਦੀ ਭਾਰੀ ਭੀੜ ਨੇ ਉਨਾਂ ਦਾ ਸਵਾਗਤ ਕੀਤਾ। ਮੁੱਖ ਮੰਤਰੀ ਦਾ ਰੋਡ ਸ਼ੋਅ ਰੰੂਮੀ ਵਿਖੇ ਸਮਾਪਤ ਹੋਣ ਤੋਂ ਪਹਿਲਾਂ ਲਤਾਲਾ ਮੰਡੀ, ਛਪਾਰ, ਧੂਰਕੋਟ, ਗੁੱਜਰਵਾਲ, ਚਮੰਡਾ, ਜੋਧਾਂ, ਖੰਡੂਰ, ਜਾਂਗਪੁਰ, ਜੱਸੋਵਾਲ, ਹਾਂਸ ਕਲਾਂ ਆਦਿ ਪਿੰਡਾਂ ਵਿੱਚੋਂ ਗੁਜ਼ਰਿਆ ਜਿੱਥੇ ਸਮਰਥਕਾਂ ਦਾ ਵੱਡਾ ਜਨ ਸੈਲਾਬ ਉਮੜਿਆ। ਲੋਕਾਂ ਦਾ ਭਾਰੀ ਉਤਸ਼ਾਹ ਦੱਸ ਰਿਹਾ ਸੀ ਕਿ ਇਕ ਵਾਰ ਫੇਰ ਸੂਬੇ ਵਿੱਚ ਕਾਂਗਰਸ ਦੇ ਪੱਖ ਵਿੱਚ ਹਵਾ ਚੱਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਦਾਅਵਾ ਪ੍ਰਗਟਾਉਦਿਆਂ ਕਿਹਾ ਕਿ ਕਾਂਗਰਸ ਸੂਬੇ ਦੀਆਂ ਚਾਰੋਂ ਜ਼ਿਮਨੀ ਚੋਣਾਂ ਵੱਡੇ ਫਰਕ ਨਾਲ ਜਿੱਤੇਗੀ।

ਇਨਾਂ ਜ਼ਿਮਨੀ ਚੋਣਾਂ ਵਿੱਚ ਵਿਕਾਸ ਕਾਰਜਾਂ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਢਾਈ ਸਾਲਾਂ ਦੌਰਾਨ ਸੂਬੇ ਵਿੱਚ ਕਾਂਗਰਸ ਸਰਕਾਰ ਵਲੋਂ ਕੀਤੇ ਕੰਮ ਆਪ ਬੋਲਦੇ ਹਨ ਅਤੇ ਲੋਕ ਕਾਂਗਰਸ ਪਾਰਟੀ ਦੇ ਇਸ ਸਾਕਾਰਾਤਮਕ ਏਜੰਡੇ ਨੂੰ ਵੇਖਦਿਆਂ ਇੱਕ ਵਾਰ ਫਿਰ ਉਨਾਂ ਦੀ ਪਾਰਟੀ ਨੂੰ ਵੋਟ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਝੋਨੇ ਦੀ ਸੁਚਾਰੂ ਖ਼ਰੀਦ, ਸਾਰਿਆਂ ਲਈ ਸਿਹਤ ਬੀਮਾ, ਸੂਬੇ ਵਿੱਚ ਉਦਯੋਗਾਂ ਦਾ ਮਜ਼ਬੂਤੀਕਰਨ, ਕਿਸਾਨੀ ਕਰਜ਼ਿਆਂ ਤੋੋਂ ਰਾਹਤ ਪ੍ਰਦਾਨ ਕੀਤੀ ਜਿਸਦਾ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਹੁਣ ਦੁਬਾਰਾ ਵੋਟਾਂ ਵੀ ਦਿੱਤੀਆਂ ਜਾਣਗੀਆਂ।

ਬਰਗਾੜੀ ਵਿੱਚ ਹੋਏ ਬੇਅਦਬੀ ਮਾਮਲੇ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਪੀੜਤਾਂ ਨੂੰ ਨਿਆਂ ਦਵਾਉਣ ਲਈ ਵਚਨਬੱਧ ਹੈ ਅਤੇ ਅਸਲ ਦੋਸ਼ੀਆਂ ਨੂੰ ਜੇਲ ਜ਼ਰੂਰ ਭੇਜਿਆ ਜਾਵੇਗਾ। ਉਨਾਂ ਕਿਹਾ ਕਿ ਐਸ.ਆਈ.ਟੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਬਹੁਤ ਜਲਦ ਸਿੱਟਾਪੂਰਨ ਨਤੀਜੇ ਸਾਹਮਣੇ ਆਉਣਗੇ।

ਨਸ਼ਿਆਂ ਦੀ ਸਮੱਸਿਆ ਸਬੰਧੀ ਸਵਾਲ ਦੇ ਜਵਾਬ ’ਚ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਇਸ ਮਾਮਲੇ ਵਿੱਚ ਬਹੁੁਤ ਕੁਝ ਕੀਤਾ ਜਾ ਚੁੱਕਾ ਹੈ ਪਰ ਪੰਜਾਬ ਵਿੱਚ ਨਸ਼ੀਲੇ ਪਦਾਰਥ ਦੀ ਤਸਕਰੀ ਲਗਾਤਾਰ ਪਾਕਿਸਤਾਨ ਵਲੋਂ ਕੀਤੀ ਜਾਂਦੀ ਹੈ ਅਤੇ ਨੇਪਾਲ, ਕਸ਼ਮੀਰ, ਦਿੱਲੀ, ਕਾਂਡਲਾ ਅਤੇ ਹੋਰ ਥਾਵਾਂ ਤੋਂ ਵੀ ਨਸ਼ੀਲੇ ਪਦਾਰਥ ਪੰਜਾਬ ਵਿੱਚ ਆਉਂਦੇ ਹਨ। ਉਨਾਂ ਕਿਹਾ ਨਸ਼ਿਆਂ ਦੇ ਕੋਹੜ ਨਾਲ ਨਜਿੱਠਣ ਲਈ ਹੁਣ ਸਾਡੀ ਸਰਕਾਰ ਗਵਾਂਢੀ ਸੂਬਿਆਂ ਨਾਲ ਰਲਕੇ ਕੰਮ ਕਰਨਾ ਸ਼ੁਰੂ ਕੀਤਾ ਹੈ।

ਮੁੱਖ ਮੰਤਰੀ ਨੇ ਕੇਂਦਰ ਵਿੱਚ ਮੌਜੂਦਾ ਭਾਜਪਾ  ਸਰਕਾਰ ’ਤੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਕੇਵਲ ਕਾਂਗਰਸ ਹੀ ਦੇਸ਼ ਨੂੰ ਮੁੜ ਕਾਮਯਾਬੀ ਦੀਆਂ ਲੀਹਾਂ ’ਤੇ ਲਿਆ ਸਕਦੀ ਹੈ। ਆਸਾਮ ਵਿਚ ਨਾਗਰਿਕਤਾ ਦੇ ਮਾਮਲੇ ਦੇ ਸਬੰਧ ਵਿੱਚ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਐਨ.ਆਰ.ਸੀ. ਰਵੀਜ਼ਨ ਦੇ ਨਾਂ ’ਤੇ ਲੋਕਾਂ ਨਾਲ ਕੀਤੇ ਜਾ ਰਹੇ ਧੱਕੇ ਦਾ ਕਾਂਗਰਸ ਡੱਟ ਕੇ ਵਿਰੋਧ ਕਰਦੀ ਹੈ ਅਤੇ ਅਜਿਹੇ ਪੀੜਤਾਂ ਦੇ ਹਮੇਸ਼ਾਂ ਨਾਲ ਖੜੇਗੀ। ਉਨਾਂ ਕਿਹਾ ਕਿ ਦੇਸ਼ ਲਈ 24 ਸਾਲ ਤੱਕ ਫੌਜ ਵਿੱਚ ਲੜਨ ਵਾਲੇ ਸਿਪਾਈ ਨੂੰ ਵਿਦੇਸ਼ੀ ਘੋਸ਼ਿਤ ਕਿਸ ਤਰਾਂ ਕੀਤਾ ਜਾ ਸਕਦਾ ਹੈ।

ਇਕ ਸਵਾਲ ਦੇ ਜਵਾਬ ਵਿੱਚ ਬੋਲਦਿਆਂ ਉਨਾਂ ਕਿਹਾ ਕਿ ਹਲਕਾ ਦਾਖਾ ਸ੍ਰੀ ਫੂਲਕਾ ਵਲੋਂ ਬਹੁਤ ਬੁਰੀ ਤਰਾਂ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਪਿਛਲੇ 13 ਸਾਲਾਂ ਤੋਂ ਕਾਂਗਰਸ ਦੀ ਅਣਥੱਕ ਸੇਵਾ ਕਰਨ ਵਾਲੇ ਕੈਪਟਨ ਸੰਦੀਪ ਸਿੰਘ ਸੰਧੂ ਇਲਾਕੇ ਨੂੰ ਨਵੀਂ ਦਿਸ਼ਾ ਦੇਣ ਵਿੱਚ ਸਮਰੱਥ ਹਨ। ਉਨਾਂ ਕਿਹਾ ਕਿ ਕੈਪਟਨ ਸੰਧੂ ਪੂਰੀ ਤਨਦੇਹੀ ਤੇ ਵਚਨਬੱਧਤਾ ਨਾਲ ਹਲਕੇ ਦੀ ਸੇਵਾ ਕਰਨਗੇ ਅਤੇ ਉਹ ਖੁਦ ਵੀ ਹਲਕੇ ਦੇ ਵਿਕਾਸ ਲਈ ਹਰ ਲੋੜੀਂਦਾ ਸਹਿਯੋਗ ਪ੍ਰਦਾਨ ਕਰਨਗੇ।

ਮੁੱਖ ਮੰਤਰੀ ਦੇ ਨਾਲ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਡਾ. ਅਮਰ ਸਿੰਘ, ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤੇ ਸਾਬਕਾ ਲੋਕ ਸਭਾ ਮੈਂਬਰ ਅਮਰੀਕ ਸਿੰਘ ਆਲੀਵਾਲ ਹਾਜ਼ਰ ਸਨ।