ਪਾਇਲ, 4 ਜੂਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਪੰਥਕ ਬੋਰਡ ਦਾ ਐਲਾਨ ਕਰਨ ਤੋਂ ਬਾਅਦ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਦਾ ਦੌਰ ਤੇਜ਼ ਕਰ ਦਿੱਤਾ ਹੈ। ਬੀਬੀ ਜਗੀਰ ਕੌਰ ਅੱਜ ਪਾਇਲ ਵਿੱਚ ਇੱਕ ਸ਼ੋਕ ਸਮਾਗਮ ਵਿੱਚ ਪੁੱਜੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਕੋ ਇੱਕ ਮਕਸਦ ਐੱਸਜੀਪੀਸੀ ਨੂੰ ਇੱਕ ਪਾਰਟੀ ਅਤੇ ਪਰਿਵਾਰ ਤੋਂ ਮੁਕਤ ਕਰਵਾਉਣਾ ਹੈ। ਬੀਬੀ ਜਗੀਰ ਕੌਰ ਨੇ ਅਕਾਲੀ ਦਲ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਐੱਸਜੀਪੀਸੀ ਦਾ ਪ੍ਰਧਾਨ ਲਿਫਾਫੇ ਵਿਚੋਂ ਹੀ ਨਿਕਲਦਾ ਸੀ, ਜਿਸ ਨੂੰ ਲੈ ਕੇ ਕਈ ਵਾਰ ਸੁਖਬੀਰ ਸਿੰਘ ਬਾਦਲ ਕੋਲ ਇਤਰਾਜ਼ ਕੀਤਾ ਸੀ ਪਰ ਸੁਖਬੀਰ ਨੇ ਗੱਲ ਮੰਨਣ ਦੀ ਬਜਾਏ ਉਨ੍ਹਾਂ ਨੂੰ ਹੀ ਪਾਰਟੀ ਵਿਚੋਂ ਕੱਢ ਦਿੱਤਾ। ਸਿੱਖ ਕੌਮ ਅੰਦਰ ਅਕਾਲ ਤਖ਼ਤ ਸਾਹਿਬ ਦੀ ਮਾਨਤਾ ਨੂੰ ਲੈ ਕੇ ਵੀ ਬੀਬੀ ਜਗੀਰ ਕੌਰ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਦੋਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਅਤੇ ਪਾਰਟੀ ਹੀ ਜਥੇਦਾਰ ਦਾ ਹੁਕਮ ਨਹੀਂ ਮੰਨੇਗੀ ਤਾਂ ਆਮ ਲੋਕ ਕਿਸ ਤਰ੍ਹਾਂ ਮੰਨਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਬੰਧੀ ਪ੍ਰਚਾਰ ਦੀ ਪਿੜ ਸਾਰੀਆਂ ਹੀ ਧਿਰਾਂ ਵੱਲੋਂ ਮਘਾ ਦਿੱਤੀ ਗਈ ਹੈ ਤੇ ਬੀਬੀ ਜਗੀਰ ਕੌਰ ਨੇ ਕੱਲ੍ਹ ਹੀ ਚੋਣਾਂ ਲੜਨ ਲਈ ਸ਼੍ਰੋਮਣੀ ਅਕਾਲੀ ਪੰਥਕ ਬੋਰਡ ਦਾ ਐਲਾਨ ਵੀ ਕੀਤਾ ਹੈ।