ਬਠਿੰਡਾ, ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਆਖਿਆ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮੀਤ ਸਿੰਘ ਮਜੀਠੀਆ ਵੱਲੋਂ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਦੇ ਦਸ ਸਾਲ ਦੇ ਰਾਜ ਦੌਰਾਨ ਪੰਜਾਬ ਨੂੰ ਕਥਿਤ ਤੌਰ ’ਤੇ ਲੁੱਟਿਆ ਗਿਆ ਹੈ ਅਤੇ ਭ੍ਰਿਸ਼ਟਚਾਰ ਨਾਲ ਅਰਬਾਂ ਰੁਪਏ ਦੀ ਜਾਇਦਾਦ ਬਣਾਈ ਗਈ ਹੈ। ਉਨ੍ਹਾਂ ਕਿਹਾ, ‘‘ਇਹ ਆਗੂ ਹੋਟਲਾਂ ਤੋਂ ਲੈ ਕੇ ਲਗਜ਼ਰੀ ਕਾਰਾਂ ਤੇ ਹੈਲੀਕਾਪਟਰਾਂ ਦੇ ਮਾਲਕ ਕਿਵੇਂ ਬਣ ਗਏ?’’ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਸੁਖਬੀਰ ਬਾਦਲ ਮੇਰੇ ਖ਼ਾਤੇ ਵਿੱਚ 16 ਕਰੋੜ ਦੀ ਐਂਟਰੀ ਆਈਐੱਸਆਈ ਵੱਲੋਂ ਕਰਵਾਉਣ ਦੀਆਂ ਹਾਸੋਹੀਣੀਆਂ ਗੱਲਾਂ ਕਰਦੇ ਹਨ ਜਦੋਂਕਿ ਮੇਰੇ ਖਾਤੇ ਵਿੱਚ ਉਹ ਇੱਕ ਕਰੋੜ ਦੀ ਐਂਟਰੀ ਹੀ ਲੱਭ ਦੇਣ।’’ ਉਨ੍ਹਾਂ ਕਿਹਾ ਕਿ ਬਾਦਲ ਪਹਿਲਾਂ ਵੀ ਉਸ ਦੇ ਖ਼ਾਤੇ ਸੀਲ ਕਰਵਾ ਚੁੱਕੇ ਹਨ, ਜਿਨ੍ਹਾਂ ਨੂੰ ਅਦਾਲਤ ਰਾਹੀਂ ਖੁੱਲ੍ਹਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜਥੇਦਾਰ ਗੁਰਬਚਨ ਸਿੰਘ ਦੀ ਵੀ ਜਾਂਚ ਹੋਣੀ ਚਾਹੀਦੀ, ਜੋ ਇੱਕ ਬਰਛਾ ਫੜ ਕੇ ਸੇਵਦਾਰ ਵਜੋਂ ਭਰਤੀ ਹੋਇਆ ਸੀ ਅਤੇ ਅੱਜ ਉਹ ਕਿਵੇਂ ਮੁਕਤਸਰ ਸ਼ਹਿਰ ਵਿੱਚ ਤਿੰਨ ਤਾਰਾ ਹੋਟਲ ਮਾਲਕ ਬਣ ਗਿਆ?