ਬੰਗਾ, ਕਾਂਗਰਸੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਇੱਥੇ ਇੱਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਵਿੱਚ ਨਿੱਜਵਾਦ ਤੇ ਮੌਕਾਪ੍ਰਸਤੀ ਭਰੀ ਹੋਈ ਹੈ। ਕਾਂਗਰਸ ਛੱਡਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਮੁਖਾਲਫ਼ਤ ਖਹਿਰਾ ਦੀ ਅਸਲ ਫ਼ਿਤਰਤ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਆਗੂ ਪਾਰਟੀ ਹਾਈਕਮਾਂਡ ਦਾ ਆਗਿਆਕਾਰੀ ਨਹੀਂ, ਉਹ ਪਾਰਟੀ ਵੱਲੋਂ ਕਿਸੇ ਵੀ ਮਿਸ਼ਨ ਦੀ ਪੂਰਤੀ ’ਚ ਪੂਰਾ ਨਹੀਂ ਉਤਰ ਸਕਦਾ।
ਲੋਕ ਸਭਾ ਤੇ ਪੰਚਾਇਤੀ ਚੋਣਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਰਾਣਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਵਧੀਆ ਕਾਰਗੁਜ਼ਾਰੀ ਨਾਲ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਹੋਇਆ ਹੈ ਤੇ ਇਨ੍ਹਾਂ ਚੋਣਾਂ ਲਈ ਕਾਂਗਰਸ ਉਤਸ਼ਾਹ ਵਿੱਚ ਹੈ ਅਤੇ ਨਤੀਜੇ ਕਾਂਗਰਸ ਦੇ ਹੱਕ ਵਿੱਚ ਹੀ ਆਉਣਗੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਲਈ ਯਤਨਸ਼ੀਲ ਹੈ। ਇਸ ਮੌਕੇ ਹਲਕਾ ਇੰਚਾਰਜ ਤੇ ਜ਼ਲ੍ਹਿਾ ਕਾਂਗਰਸ ਪ੍ਰਧਾਨ ਸਤਵੀਰ ਸਿੰਘ ਪੱਲੀ ਝਿੱਕੀ, ਯੂਥ ਆਗੂ ਸਰਬਜੀਤ ਸਿੰਘ ਪੂਨੀਆਂ, ਡਾ. ਬਖਸ਼ੀਸ਼ ਸਿੰਘ ਕਰਨ ਹਸਪਤਾਲ ਬੰਗਾ, ਜਰਨੈਲ ਸਿੰਘ, ਬਲਾਕ ਕਾਂਗਰਸ ਪ੍ਰਧਾਨ ਰਘਬੀਰ ਸਿੰਘ ਬਿੱਲਾ, ਪੰਚ ਸੁਖਜਿੰਦਰ ਸਿੰਘ ਹਾਜ਼ਰ ਸਨ।