ਵਾਸ਼ਿੰਗਟਨ (ਏਜੰਸੀ)- ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ ਵਜੋਂ ਨਾਮਜ਼ਦ ਤੁਲਸੀ ਗਬਾਰਡ ਨੇ ‘ਕੈਪੀਟਲ ਹਿੱਲ’ ਵਿਖੇ ਮੁੱਖ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਸੀਰੀਆ ਵਿੱਚ ਅਸਦ ਸਰਕਾਰ ਦੇ ਤਖਤਾਪਲਟ ਦੌਰਾਨ ਰਿਪਬਲਿਕਨ ਨੇਤਾ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕੀਤਾ। ਡੈਮੋਕਰੇਟ ਵਜੋਂ 8 ਸਾਲਾਂ ਤੱਕ ਸਦਨ ਵਿੱਚ ਹਵਾਈ ਦੀ ਨੁਮਾਇੰਦਗੀ ਕਰਨ ਵਾਲੀ 43 ਸਾਲਾ ਹਿੰਦੂ-ਅਮਰੀਕੀ ਗਬਾਰਡ ਨੇ ਸੋਮਵਾਰ ਨੂੰ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਗਬਾਰਡ ਨੇ ਆਪਣੀ ਨਾਮਜ਼ਦਗੀ ‘ਤੇ ਚੋਟੀ ਦੇ ਅਮਰੀਕੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, “ਮੈਂ ਸੀਰੀਆ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਪਿਛਲੇ ਕੁੱਝ ਦਿਨਾਂ ਵਿਚ ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਵੱਲੋਂ ਦਿੱਤੇ ਗਏ ਬਿਆਨਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹਾਂ ਅਤੇ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ।” ਇੱਥੇ ਦੱਸ ਦੇਈਏ ਕਿ ਹਫਤੇ ਦੇ ਅੰਤ ਵਿੱਚ, ਬਾਗੀ ਸਮੂਹਾਂ ਨੇ ਤਖਤਾਪਲਟ ਕਰਕੇ ਸੀਰੀਆ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਬਸਰ ਅਸਦ ਨੂੰ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ।
ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਨੇ 2022 ਵਿਚ ਡੈਮੋਕਰੇਟਿਕ ਪਾਰਟੀ ਛੱਡਣ ਵਾਲੀ ਗਬਾਰਡ ਨੂੰ ਰਾਸ਼ਟਰੀ ਖੁਫੀਆ ਵਿਭਾਗ ਦੇ ਡਾਇਰੈਕਟਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਹੈ। ਇਹ ਇੱਕ ਅਜਿਹਾ ਅਹੁਦਾ ਹੈ ਜਿਸ ਵਿੱਚ ਉਨ੍ਹਾਂਦੀ ਉੱਚ ਸ਼੍ਰੇਣੀਬੱਧ ਖੁਫੀਆ ਜਾਣਕਾਰੀ ਤੱਕ ਪਹੁੰਚ ਹੋਵੇਗੀ ਅਤੇ 18 ਜਾਸੂਸੀ ਏਜੰਸੀਆਂ ਉਨ੍ਹਾਂ ਦੀ ਨਿਗਰਾਨੀ ਹੇਠ ਹੋਣਗੀਆਂ। ਜੇਕਰ ਗਬਾਰਡ ਦੀ ਨਿਯੁਕਤੀ ‘ਤੇ ਅਮਰੀਕੀ ਸੈਨੇਟ ਦੁਆਰਾ ਮੋਹਰ ਲੱਗ ਜਾਂਦੀ ਹੈ, ਤਾਂ ਉਹ ਸੀ.ਆਈ.ਏ. ਅਤੇ ਐੱਫ.ਬੀ.ਆਈ. ਸਮੇਤ ਸਾਰੀਆਂ ਅਮਰੀਕੀ ਖੁਫੀਆ ਏਜੰਸੀਆਂ ਦੇ ਇੰਚਾਰਜ ਦੀ ਸ਼ਕਤੀਸ਼ਾਲੀ ਸੰਸਥਾ ਦੀ ਅਗਵਾਈ ਕਰਨ ਵਾਲੀ ਪਹਿਲੀ ਹਿੰਦੂ ਅਮਰੀਕੀ ਹੋਵੇਗੀ।