ਨਵੀਂ ਦਿੱਲੀ, 26 ਫਰਵਰੀ
ਸੀਬੀਆਈ ਨੇ ਸਿੰਭੌਲੀ ਸ਼ੂਗਰਜ਼ ਲਿਮਟਿਡ, ਇਸ ਦੇ ਚੇਅਰਮੈਨ ਗੁਰਮੀਤ ਸਿੰਘ ਮਾਨ, ਡਿਪਟੀ ਮੈਨੇਜਿੰਗ ਡਾਇਰੈਕਟਰ ਗੁਰਪਾਲ ਸਿੰਘ ਅਤੇ ਹੋਰਨਾਂ ਵਿਰੁੱਧ 97.85 ਕਰੋੜ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਦੇ ਦੋਸ਼ ਵਿੱਚ ਕੇਸ ਦਰਜ ਕਰ ਲਿਆ ਹੈ। ਗੁਰਪਾਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਾਮਾਦ ਹੈ। ਇਸ ਮਾਮਲੇ ਵਿੱਚ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੀ ਐਸ ਸੀ ਰਾਓ, ਸੀਐਫਓ ਸੰਜੇ ਤਪਰੀਆ, ਕਾਰਜਕਾਰੀ ਡਾਇਰੈਕਟਰ ਗੁਰਸਿਮਰਨ ਕੌਰ ਮਾਨ ਅਤੇ ਪੰਜ ਹੋਰਨਾ ਦੇ ਨਾਂਅ ਸ਼ਾਮਲ ਹਨ।
ਅੱਜ ਸੀਬੀਆਈ ਨੇ ਦੇਸ਼ ਦੀਆਂ ਸਭ ਤੋਂ ਵੱਡੀਆਂ ਸ਼ੂਗਰ ਕੰਪਨੀਆਂ ਵਿੱਚੋਂ ਇੱਕ ਮੰਨੀ ਜਾਂਦੀ ਸਿੰਭੌਲੀ ਸ਼ੂਗਰਜ਼ ਦੇ ਅੱਠ ਟਿਕਾਣਿਆਂ ਉੱਤੇ ਛਾਪੇ ਮਾਰੇ ਜਿਨ੍ਹਾਂ ਵਿੱਚ ਡਾਇਰੈਕਟਰਾਂ ਦੀਆਂ ਰਿਹਾਇਸ਼ਾਂ, ਫੈਕਟਰੀਆਂ ਅਤੇ ਦਫਤਰ ਸ਼ਾਮਲ ਹਨ। ਸੀਬੀਆਈ ਦੇ ਤਰਜਮਾਨ ਅਭਿਸ਼ੇਕ ਦਿਆਲ ਅਨੁਸਾਰ ਇਹ ਛਾਪੇ ਦਿੱਲੀ, ਹਾਪੁੜ ਅਤੇ ਨੋਇਡਾ ਵਿੱਚ ਮਾਰੇ ਗਏ। ਇਹ ਛਾਪੇ ਕੰਪਨੀ ਵੱਲੋਂ ਲਏ ਕਰਜ਼ 97.85 ਕਰੋੜ ਰੁਪਏ ਜੋ 2015 ਵਿੱਚ ਧੋਖਾਧੜੀ ਕਰਾਰ ਦਿੱਤਾ ਗਿਆ ਸੀ ਅਤੇ ਦੂਜਾ ਕਾਰਪੋਰੋਟ ਕਰਜ਼ਾ 110 ਕਰੋੜ ਰੁਪਏ ਦਾ ਹੈ ਜਿਸ ਨੂੰ ਪਹਿਲੇ ਕਰਜ਼ੇ ਨੂੰ ਅਦਾ ਕਰਨ ਦੇ ਲਈ ਵਰਤਿਆ ਗਿਆ ਹੈ।
ਸੀਬੀਆਈ ਦੀ ਐਫਆਈਆਰ ਅਨੁਸਾਰ ਕੰਪਨੀ ਵੱਲੋਂ ਲਿਆ ਗਿਆ ਦੂਜਾ ਕਰਜ਼ਾ ਇੱਕ ਹਜ਼ਾਰ ਅਤੇ ਪੰਜ ਸੌ ਦੇ ਪੁਰਾਣੇ ਨੋਟ ਵਾਪਿਸ ਲੈਣ ਦੇ ਐਲਾਨ ਤੋਂ ਕਰੀਬ ਵੀਹ ਦਿਨ ਮਗਰੋਂ 29 ਨਵੰਬਰ 2016 ਨੂੰ ਡੁੱਬਿਆ ਕਰਜ਼ ਕਰਾਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਬੈਂਕ ਨਾਲ ਕਥਿਤ ਧੋਖਾਧੜੀ ਤਾਂ 97. 85 ਕਰੋੜ ਰੁਪਏ ਦੀ ਹੋਈ ਪਰ ਬੈਂਕ ਨੂੰ ਕੁੱਲ ਘਾਟਾ ਇੱਕ ਅਰਬ 9 ਕਰੋੜ 8 ਲੱਖ ਰੁਪਏ ਦਾ ਪਿਆ। ਇਸ ਮਾਮਲੇ ਸਬੰਧੀ ਸੀਬੀਆਈ ਕੋਲ ਕਰਦਾਤਾ ਓਰੀਐਂਟਲ ਬੈਂਕ ਆਫ ਕਾਮਰਸ ਨੇ 17 ਨਵੰਬਰ 2017 ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਇਸ ਮਾਮਲੇ ਵਿੱਚ ਸੀਬੀਆਈ ਨੇ 22 ਫਰਵਰੀ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਅਪਰਾਧਿਕ ਸਾਜਿਸ਼ ਅਤੇ ਧੋਖਾਧੜੀ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਸੀ।