ਨਵੀਂ ਦਿੱਲੀ, 3 ਜੁਲਾਈ
ਸੀਬੀਆਈ ਨੇ ਇੱਥੋਂ ਦੀ ਰਾਊਸ ਅੈਵੇਨਿਊ ਅਦਾਲਤ ਵਿੱਚ ਕਥਿਤ ਨੌਕਰੀ ਲਈ ਜ਼ਮੀਨ ਘੁਟਾਲੇ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਹੈ ਜਿਸ ਵਿੱਚ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਤੇ ਕਈ ਫਰਮਾਂ ਸਮੇਤ ਹੋਰ ਮੁਲਜ਼ਮ ਵਜੋਂ ਨਾਮਜ਼ਦ ਹਨ।
ਇਹ ਚਾਰਜਸ਼ੀਟ ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਅੱਗੇ ਦਾਇਰ ਕੀਤੀ ਗਈ ਹੈ। ਸੀਬੀਆਈ ਦੇ ਵਕੀਲ ਨੇ ਅਦਾਲਤ ’ਚ ਦੱਸਿਆ ਕਿ ਇਹ ਚਾਰਜਸ਼ੀਟ ਸਾਬਕਾ ਕੇਂਦਰੀ ਰੇਲਵੇ ਮੰਤਰੀ ਲਾਲੂ ਪ੍ਰਸਾਦ ਯਾਦਵ, ਸਾਬਕਾ ਮੁੱਖ ਮੰਤਰੀ ਰਾਬਡ਼ੀ ਦੇਵੀ ਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ ਤੇ ਕਈ ਹੋਰਾਂ ਖ਼ਿਲਾਫ਼ ਦਾਖ਼ਲ ਕੀਤੀ ਗਈ ਹੈ। ਸੀਬੀਆਈ ਨੇ ਆਪਣੇ ਵਿਸ਼ੇਸ਼ ਸਰਕਾਰੀ ਵਕੀਲ ਅੈਡਵੋਕੇਟ ਡੀ ਪੀ ਸਿੰਘ ਰਾਹੀਂ ਦੱਸਿਆ ਕਿ ਇਸ ਕੇਸ ’ਚ ਨਵੀਂ ਚਾਰਜਸ਼ੀਟ ਇਸ ਲਈ ਦਾਖ਼ਲ ਕੀਤੀ ਗਈ ਹੈ ਕਿਉਂਕਿ ਇਹ ਕਥਿਤ ਘੁਟਾਲਾ ਬਿਲਕੁਲ ਵੱਖਰੇ ਢੰਗ ਨਾਲ ਕੀਤਾ ਗਿਆ ਹੈ।