ਫਾਜ਼ਿਲਕਾ/ਜਲਾਲਾਬਾਦ, 11 ਅਕਤੂਬਰ
ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਅਤੇ ਲੰਮਾ ਸਮਾਂ ਪੱਤਰਕਾਰ ਰਹੇ ਹੰਸ ਰਾਜ ਗੋਲਡਨ ‘ਤੇ ਹੋਏ ਜਾਨਲੇਵਾ ਹਮਲੇ ਦੇ ਵਿਰੋਧ ’ਚ ਅੱਜ ਸੀਪੀਆਈ ਦੀ ਅਗਵਾਈ ’ਚ ਜਨਤਕ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਬਾਜ਼ਾਰਾਂ ’ਚ ਪ੍ਰਦਰਸ਼ਨ ਕੀਤਾ ਗਿਆ। ਇਸ ਮਗਰੋਂ ਸ਼ਹੀਦ ਊਧਮ ਸਿੰਘ ਚੌਕ ‘ਚ 2 ਘੰਟੇ ਦਾ ਜਾਮ ਲਗਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ। ਪ੍ਰਦਰਸ਼ਨ ਦੀ ਅਗਵਾਈ ਕਾਮਰੇਡ ਸੁਰਿੰਦਰ ਢੰਡੀਆਂ, ਪਰਮਜੀਤ ਢਾਬਾਂ, ਸ੍ਰੀਮਤੀ ਸਰੋਜ ਛੱਪੜੀਵਾਲਾ, ਅਸ਼ੋਕ ਕੰਬੋਜ,ਦਰਸ਼ਨ ਲਾਧੂਕਾ, ਤੇਜਾ ਫਤਿਹਗੜ੍ਹ, ਨਰਿੰਦਰ ਢਾਬਾਂ, ਹਰਭਜਨ ਛੱਪੜੀਵਾਲਾ, ਰੇਸ਼ਮ ਮਿੱਡਾ ਅਤੇ ਹਰਭਜਨ ਖੁੰਗਰ ਨੇ ਕੀਤੀ। ਬੀਤੀ ਸ਼ਾਮ ਕਾਮਰੇਡ ਹੰਸਰਾਜ ਗੋਲਡਨ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਸ ਕਾਰਨ ਉਨ੍ਹਾਂ ਦੀ ਸੱਜੀ ਲੱਤ, ਬਾਂਹ ਅਤੇ ਗੁੱਟ ਟੁੱਟ ਗਏ। ਉਹ ਹੁਣ ਫਰੀਦਕੋਟ ਵਿੱਚ ਇਲਾਜ ਅਧੀਨ ਹਨ। ਆਗੂਆਂ ਨੇ ਇਸ ਸੰਕੇਤਕ ਕੀਤੇ ਜਾਮ ਰਾਹੀਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਤੁਰੰਤ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਜਨਤਕ ਜਥੇਬੰਦੀਆਂ ਭਵਿੱਖ ਵਿੱਚ ਪੰਜਾਬ ਪੱਧਰ ਦਾ ਸੰਘਰਸ਼ ਵਿੱਢਣ ਦਾ ਪ੍ਰੋਗਰਾਮ ਉਲੀਕਣਗੀਆਂ।
ਇਸ ਮੌਕੇ ਰੋਸ ਮਾਰਚ ਚ ਅਧਿਆਪਕ ਆਗੂ ਸੁਰਿੰਦਰ ਕੰਬੋਜ, ਵਰਿਆਮ ਘੁੱਲਾ,ਹਰੀਸ਼ ਕੰਬੋਜ, ਸੀਪੀਆਈ ਸਕੱਤਰ ਬਲਵੰਤ ਚੋਹਾਣਾ, ਛਿੰਦਰ ਮਹਾਲਮ, ਜੰਮੂ ਰਾਮ ਬਣਵਾਲਾ, ਮੰਜੂ ਬਾਲਾ ਢਾਬਾਂ, ਇਸਤਰੀ ਸਭਾ ਆਗੂ ਹਰਜੀਤ ਢੰਡੀਆਂ, ਸਕੱਤਰ ਸੁਮਿੱਤਰਾ ਬਾਈ,ਸੁਨੀਲ ਬੇਦੀ,ਸ਼ੁਬੇਗ ਝੰਗੜਭੈਣੀ,ਕਿ੍ਸ਼ਨ ਧਰਮੂਵਾਲਾ,ਬਲਵੀਰ ਕਾਠਗੜ੍,ਬਲਵਿੰਦਰ ਮਾਹਲਮ,ਸਾਥੀ ਭਗਵਾਨ ਬਾਹਦਰਕੇ,ਰਾਜੂ ਖੇੜਾ ਅਤੇ ਡਾ. ਪ੍ਰੇਮ ਡੇਕਵਾਲ ਨੇ ਸੰਬੋਧਨ ਕੀਤਾ।