ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਉੱਭਰ ਰਹੇ ਉੱਦਮੀਆਂ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ 10,000 ਕਰੋੜ ਰੁਪਏ ਦੇ ਫੰਡ ਨਾਲ ਸਟਾਰਟਅੱਪਸ ਲਈ ‘ਫੰਡ ਆਫ਼ ਫੰਡਜ਼’ ਯੋਜਨਾ ਦੇ ਇੱਕ ਹੋਰ ਦੌਰ ਦਾ ਐਲਾਨ ਕੀਤਾ।
ਇਹ ਐਲਾਨ ਮਹੱਤਵਪੂਰਨ ਹੈ ਕਿਉਂਕਿ ਸਰਕਾਰ ਸਟਾਰਟਅੱਪਸ ਰਾਹੀਂ ਨਵੀਨਤਾ ਨੂੰ ਉਤਸ਼ਾਹਿਤ ਕਰਨ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ।ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (DPIIT) ਨੇ ਹੁਣ ਤੱਕ 1.5 ਲੱਖ ਤੋਂ ਵੱਧ ਸਟਾਰਟਅੱਪਸ ਨੂੰ ਮਾਨਤਾ ਦਿੱਤੀ ਹੈ।
ਸਟਾਰਟਅੱਪ ਇੰਡੀਆ ਐਕਸ਼ਨ ਪਲਾਨ 16 ਜਨਵਰੀ 2016 ਨੂੰ ਸ਼ੁਰੂ ਕੀਤਾ ਗਿਆ ਸੀ। ਉਸੇ ਸਾਲ, ਸਟਾਰਟਅੱਪਸ ਦੀਆਂ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ 10,000 ਕਰੋੜ ਰੁਪਏ ਦੇ ਕਾਰਪਸ ਨਾਲ ‘ਫੰਡ ਆਫ਼ ਫੰਡਜ਼ ਫਾਰ ਸਟਾਰਟਅੱਪਸ’ (FFS) ਸਕੀਮ ਪੇਸ਼ ਕੀਤੀ ਗਈ ਸੀ।
ਡੀਪੀਆਈਆਈਟੀ ਇੱਕ ਨਿਗਰਾਨੀ ਏਜੰਸੀ ਹੈ ਅਤੇ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ਼ ਇੰਡੀਆ (ਐਸਆਈਡੀਬੀਆਈ) ਐਫਐਫਐਸ ਲਈ ਸੰਚਾਲਨ ਏਜੰਸੀ ਹੈ।