ਪਟਿਆਲਾ, 23 ਦਸੰਬਰ

ਬਿਜਲੀ ਮੁਲਾਜ਼ਮਾਂ ਨੂੰ ਦਸੰਬਰ ਦੀ ਤਨਖ਼ਾਹ ਨਵੇਂ ਸਕੇਲਾਂ ਨਾਲ ਮਿਲੇਗੀ। ਇਹ ਐਲਾਨ ਪਾਵਰਕੌਮ ਦੇ ਸੀਐੱਮਡੀ ਬਲਦੇਵ ਸਿੰਘ ਸਰਾਂ ਨੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਬਿਜਲੀ ਮੁਲਾਜ਼ਮਾਂ ਦੀਆਂ ਜੱਥੇਬੰਦੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਇਸ ਸਬੰਧੀ ਸੈਲਰੀ ਪੋਰਟਲ ਖੋਲ੍ਹ ਦਿੱਤਾ ਗਿਆ ਹੈ। ਸ੍ਰੀ ਸਰਾਂ ਨੇ ਮੁਲਾਜ਼ਮਾਂ ਨੂੰ ਬੇਨਤੀ ਕੀਤੀ ਕਿ ਉਹ ਛੇਤੀ ਆਪਣੀਆਂ ਆਪਸ਼ਨ ਦੇਣ। ਉੱਧਰ, ਸੀਐੱਮਡੀ ਵੱਲੋਂ ਦਿੱਤੇ ਗਏ ਇਸ ਭਰੋਸੇ ਮਗਰੋਂ ਮੁਲਾਜ਼ਮ ਜਥੇਬੰਦੀਆਂ ਵੱਲੋ ਅੱਜ ਰਾਤ ਤੋਂ ਕੈਜ਼ੂਅਲ ਲੀਵ ’ਤੇ ਜਾਣ ਦਾ ਫੈਸਲਾ ਵਾਪਸ ਲੈ ਲਿਆ ਹੈ। ਪੀਐੱਸਈਬੀ ਜੁਆਇੰਟ ਫੋਰਮ ਦੇ ਸੂਬਾਈ ਆਗੂ ਕਰਮ ਚੰਦ ਭਾਰਦਵਾਜ ਨੇ ਦੱਸਿਆ ਕਿ ਛੁੱਟੀ ’ਤੇ ਨਾ ਜਾਣ ਸੰਬੰਧੀ ਇਹ ਫ਼ੈਸਲਾ ਸਮੂਹ ਜਥੇਬੰਦੀਆਂ ਵੱਲੋਂ ਸਰਬਸੰਮਤੀ ਨਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਵੇਂ ਪੇਅ ਸਕੇਲ ਲਾਗੂ ਕਰਵਾਉਣ ਅਤੇ ਛੁੱਟੀ ਪਾਸ ਕਰਵਾਉਣ ਅਤੇ ਹੋਰ ਮੰਗਾਂ ਦੀ ਪੂਰਤੀ ਲਈ ਜਥੇਬੰਦੀਆਂ ਦਾ ਵਫਦ ਮੈਨੇਜਮੈਂਟ ਨੂੰ ਵੀ ਮਿਲਿਆ।