ਟੋਰਾਂਟੋ, 28 ਜੂਨ : ਕੈਨੇਡਾ ਇੰਡੀਆ ਫਾਊਂਡੇਸ਼ਨ (ਸੀਆਈਐਫ) ਵੱਲੋਂ 5 ਤੇ 6 ਜੁਲਾਈ ਨੂੰ ਹਾਇਰ ਐਜੂਕੇਸ਼ਨ ਫੋਰਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਫੋਰਮ ਪੀਅਰਸਨ ਕਨਵੈਨਸ਼ਨ ਸੈਂਟਰ, ਬਰੈਂਪਟਨ, ਓਨਟਾਰੀਓ ਵਿੱਚ ਹੋਵੇਗੀ।
ਬੁੱਧਵਾਰ ਨੂੰ ਟੋਰਾਂਟੋ ਵਿੱਚ ਹੋਈ ਇੱਕ ਮੀਡੀਆ ਕਾਨਫਰੰਸ ਵਿੱਚ ਸੀਆਈਐਫ ਦੇ ਚੇਅਰ ਅਜੀਤ ਸੋਮੇਸ਼ਵਰ ਨੇ ਆਖਿਆ ਕਿ ਇਹ ਪ੍ਰੋਗਰਾਮ ਇਸ ਲਈ ਕਰਵਾਇਆ ਜਾ ਰਿਹਾ ਹੈ ਕਿਉਂਕਿ ਕੈਨੇਡਾ ਤੇ ਭਾਰਤ ਲਈ ਸਿੱਖਿਆ ਦਾ ਖੇਤਰ ਮੁੱਖ ਤਰਜੀਹ ਬਣ ਕੇ ਸਾਹਮਣੇ ਆਇਆ ਹੈ। ਸੋਮੇਸ਼ਵਰ ਨੇ ਆਖਿਆ ਕਿ ਕੈਨੇਡਾ ਵਿੱਚ ਸਿੱਖਿਆ ਦਾ ਖੇਤਰ 20 ਬਿਲੀਅਨ ਡਾਲਰ ਦਾ ਹੈ। 2018 ਵਿੱਚ 120,000 ਕੌਮਾਂਤਰੀ ਵਿਦਿਆਰਥੀ ਖਾਸ ਤੌਰ ਉੱਤੇ ਭਾਰਤ ਤੋਂ ਉਚੇਰੀ ਸਿੱਖਿਆ ਲਈ ਕੈਨੇਡਾ ਆਉਣਗੇ। ਉਚੇਰੀ ਸਿੱਖਿਆ ਲਈ ਭਾਰਤੀ ਵਿਦਿਆਰਥੀਆਂ ਦੀ ਚੌਥੀ ਪਸੰਦ ਕੈਨੇਡਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਨਿਵੇਕਲੀ ਸੋਚ ਉੱਤੇ ਜ਼ੋਰ ਦੇ ਕੇ ਉਚੇਰੀ ਸਿੱਖਿਆ ਨੂੰ ਨਵਾਂ ਰੂਪ ਰੰਗ ਦੇਣਾ ਉਨ੍ਹਾਂ ਦਾ ਮੁੱਖ ਮੰਤਵ ਹੈ। ਇਸ ਤੋਂ ਇਲਾਵਾ ਕੈਨੇਡਾ ਤੇ ਭਾਰਤ ਦਰਮਿਆਨ ਵਿਕਾਸ ਲਈ ਨਵੇਂ ਮੌਕੇ ਸਿਰਜਣਾ ਵੀ ਉਨ੍ਹਾਂ ਦੀ ਮੁੱਖ ਤਰਜੀਹ ਹੈ। ਸੀਆਈਐਫ ਦੇ ਨੈਸ਼ਨਲ ਕਨਵੀਨਰ ਅਨਿਲ ਸ਼ਾਹ ਨੇ ਮੀਡੀਆ ਨੁਮਾਇੰਦਿਆਂ ਨੂੰ ਸੂਚਿਤ ਕਰਦਿਆਂ ਆਖਿਆ ਕਿ ਜਲਦ ਹੀ ਸੀਆਈਐਫ ਐਨੂਅਲ ਗਲੋਬਲ ਇੰਡੀਅਨ ਐਵਾਰਡ ਗਾਲਾ ਕਰਵਾਉਣ ਜਾ ਰਹੀ ਹੈ। ਉਹ ਵੀ ਪੀਅਰਸਨ ਕਨਵੈਨਸ਼ਨ ਸੈਂਟਰ ਵਿੱਚ 6 ਜੁਲਾਈ ਨੂੰ ਕਰਵਾਇਆ ਜਾਵੇਗਾ।
ਉਨ੍ਹਾਂ ਆਖਿਆ ਕਿ ਹਮੇਸ਼ਾਂ ਦੀ ਤਰ੍ਹਾਂ ਇਸ ਵਾਰੀ ਵੀ ਵਿਸ਼ੇਸ਼ ਮੱਲਾਂ ਮਾਰਨ ਵਾਲੇ ਨੂੰ ਸੀਆਈਐਫ ਵੱਲੋਂ ਐਵਾਰਡ ਦੇ ਨਾਲ ਨਾਲ 50,000 ਡਾਲਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰੀ 14 ਸਾਲਾ ਸਪਰਸ਼ ਸਾਹ ਨੂੰ ਸਨਮਾਨਿਤ ਕੀਤਾ ਜਾਵੇਗਾ। ਜਿਸ ਨੇ ਸਰੀਰਕ ਊਣਤਾਈਆਂ ਦੇ ਬਾਵਜੂਦ ਆਪਣੇ ਹੁਨਰ ਤੇ ਜਾਦੂਈ ਆਵਾਜ਼ ਸਦਕਾ ਕਈ ਮਿਲੀਅਨ ਲੋਕਾਂ ਨੂੰ ਆਪਣਾ ਫੈਨ ਬਣਾਇਆ ਹੈ।