ਚੰਡੀਗੜ੍ਹ, ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ’ਤੇ ਸ਼ਬਦੀ ਹਮਲੇ ਜਾਰੀ ਹਨ।
ਅੱਜ ਇੱਥੇ ਸਮਾਗਮ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਟਕਸਾਲੀ ਅਕਾਲੀ ਆਗੂਆਂ ਨੂੰ ਨੁੱਕਰੇ ਲਾ ਕੇ ਪਾਰਟੀ ਪ੍ਰਧਾਨ ਦੇ ਰਿਸ਼ਤੇਦਾਰ ਨੂੰ ਮੋਹਰੀ ਬਣਾਇਆ ਹੋਇਆ ਹੈ, ਜੋ ਪਾਰਟੀ ਦੇ ਨਿਘਾਰ ਦਾ ਕਾਰਨ ਬਣਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਰਿਵਾਰਕ ਪਾਰਟੀ ਬਣਨ ਕਾਰਨ ਹੀ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ 15 ਸੀਟਾਂ ’ਤੇ ਸਿਮਟ ਗਿਆ। ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਰਾਜਸੀ ਇਤਿਹਾਸ ਵਿੱਚ ਪਹਿਲੀ ਵਾਰੀ ਇਹ ਘਟਨਾ ਵਾਪਰੀ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਧਾਨ ਸਭਾ ਵਿੱਚ ਆਉਣ ਜੋਗੇ ਵੀ ਨਹੀਂ ਛੱਡੇ। ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਵੱਡੇ ਨੇਤਾਵਾਂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਤੇ ਰਤਨ ਸਿੰਘ ਅਜਨਾਲਾ ਵਰਗਿਆਂ ਦੀਆਂ ਕੁਰਬਾਨੀਆਂ ਨੂੰ ਨਜ਼ਰਅੰਦਾਜ਼ ਕਰ ਕੇ ਆਪਣੇ ਰਿਸ਼ਤੇਦਾਰ ਨੂੰ ਮੋਹਰੀ ਭੂਮਿਕਾ ਦਿੱਤੀ ਹੈ। ਇਹੀ ਕਾਰਨ ਹੈ ਕਿ ਅਕਾਲੀ ਦਲ ਵਿੱਚ ਚੰਗੇ ਕਿਰਦਾਰ ਵਾਲੇ ਮੋਹਰੀ ਆਗੂਆਂ ਦੀ ਘਾਟ ਰੜਕਣ ਲੱਗੀ ਹੈ। ਸ੍ਰੀ ਸਿੱਧੂ ਨੇ ਅਕਾਲੀ ਆਗੂਆਂ ਖ਼ਾਸ ਕਰ ਕੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨਾਲ ਸਿਆਸੀ ਟਕਰਾਅ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਦੋਹਾਂ ਅਕਾਲੀ ਆਗੂਆਂ ਦਾ ਟਕਰਾਅ ਪੰਜਾਬ ਦੇ ਲੋਕਾਂ ਨਾਲ ਕਿਹਾ ਜਾ ਸਕਦਾ ਹੈ, ਕਿਉਂਕਿ 6 ਮਹੀਨੇ ਪਹਿਲਾਂ ਲੋਕਾਂ ਨੇ 10 ਸਾਲਾਂ ਦੇ ਰਾਜ ਤੋਂ ਬਾਅਦ ਅਕਾਲੀਆਂ ਨੂੰ ਬੁਰੀ ਤਰ੍ਹਾਂ ਰੱਦ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਜੇਕਰ ਬਿਕਰਮ ਸਿੰਘ ਮਜੀਠੀਆ, ਸੁਖਬੀਰ ਸਿੰਘ ਬਾਦਲ ਦਾ ਕਰੀਬੀ ਰਿਸ਼ਤੇਦਾਰ ਨਾ ਹੁੰਦਾ ਤਾਂ ਉਸ ਦੀ ਅਕਾਲੀ ਸਿਆਸਤ ਵਿੱਚ ਕੋਈ ਥਾਂ ਨਹੀਂ ਹੋਣੀ ਸੀ। ਗੁਰਦਾਸਪੁਰ ਜ਼ਿਮਨੀ ਚੋਣ ਦੇ ਨਤੀਜੇ ਦੇ ਪੰਜਾਬ ਤੇ ਦੇਸ਼ ਦੀ ਸਿਆਸਤ ’ਤੇ ਪ੍ਰਭਾਵ ਬਾਰੇ ਉਨ੍ਹਾਂ ਕਿਹਾ ਕਿ ਸਵਾ ਕੁ ਸਾਲ ਬਾਅਦ ਦੇਸ਼ ਵਿੱਚ ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ ਤੇ ਇਹ ਜ਼ਿਮਨੀ ਚੋਣ ਭਾਜਪਾ ਤੇ ਹਮਾਇਤੀ ਪਾਰਟੀਆਂ ਦੇ ਭਵਿੱਖ ਦੀ ਦਿਸ਼ਾ ਬਿਆਨ ਕਰੇਗੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਅਕਾਲੀ ਆਗੂਆਂ ਖ਼ਾਸ ਕਰ ਕੇ ਬਾਦਲ ਪਰਿਵਾਰ ’ਤੇ ਸਮੁੱਚੇ ਕਾਰੋਬਾਰ ਹਥਿਆਉਣ ਦੇ ਦੋਸ਼ ਵੀ ਦੁਹਰਾਏ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਬੇਤੁਕਾ ਪ੍ਰਚਾਰ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ (ਸਿੱਧੂ) ਦਰਮਿਆਨ ਤਕਰਾਰ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੜ ਬਹਿਸ ਲਈ ਵੰਗਾਰਦਿਆਂ ਕਿਹਾ ਕਿ ਉਹ ਪੰਜਾਬ ਦੇ ਮੁੱਦਿਆਂ ’ਤੇ ਜਦੋਂ ਚਾਹੇ, ਜਿੱਥੇ ਚਾਹੇ ਬਹਿਸ ਲਈ ਤਿਆਰ ਹਨ।