ਨਵੀਂ ਦਿੱਲੀ/ਮਾਨਸਾ, 4 ਜੁਲਾਈ
ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਕਥਿਤ ਸ਼ਾਮਲ ਦੋ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਦਿੱਲੀ ਪੁਲੀਸ ਹੁਣ ਤੱਕ ਇਸ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਕਾਬੂ ਕਰ ਚੁੱਕੀ ਹੈ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਅੰਕਿਤ ਤੇ ਸਚਿਨ ਭਿਵਾਨੀ ਵਜੋਂ ਦੱਸੀ ਗਈ ਹੈ। ਇਹ ਦੋਵੇਂ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾਰ ਗੈਂਗ ਨਾਲ ਸਬੰਧਤ ਦੱਸੇ ਜਾਂਦੇ ਹਨ। ਪੁਲੀਸ ਮੁਤਾਬਕ ਅੰਕਿਤ, ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਸ਼ੂਟਰਾਂ ਵਿੱਚੋਂ ਇਕ ਹੈ। ਭਿਵਾਨੀ ’ਤੇ ਚਾਰ ਸ਼ੂਟਰਾਂ ਨੂੰ ਪਨਾਹ ਦੇਣ ਦਾ ਦੋਸ਼ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਭਿਵਾਨੀ, ਜੋ ਹਰਿਆਣਾ ਦਾ ਰਹਿਣਾ ਵਾਲਾ ਹੈ, ਰਾਜਥਸਾਨ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਕੰਮਕਾਜ ਵੇਖਦਾ ਸੀ। ਉਹ ਰਾਜਸਥਾਨ ਦੇ ਚੁਰੂ ਵਿੱਚ ਵੀ ਇਕ ਕੇਸ ’ਚ ਲੋੜੀਂਦਾ ਹੈ। ਅੰਕਿਤ ਹਰਿਆਣਾ ਦੇ ਸੇਰਸਾ ਪਿੰਡ ਨਾਲ ਸਬੰਧਤ ਹੈ ਤੇ ਉਸ ਦਾ ਨਾਂ ਰਾਜਸਥਾਨ ਵਿੱਚ ਇਰਾਦਾ ਕਤਲ ਨਾਲ ਜੁੜੇ ਦੋ ਕੇਸਾਂ ਵਿੱਚ ਸ਼ਾਮਲ ਹੈ। ਪੁਲੀਸ ਨੇ ਇਨ੍ਹਾਂ ਕੋਲੋਂ 9 ਐੱਮਐੱਮ ਪਿਸਟਲ ਦੇ 10 ਜ਼ਿੰਦਾ ਕਾਰਤੂਸ, 30 ਐੱਮਐੱਮ ਪਿਸਟਲ ਦੇ 9 ਜ਼ਿੰਦਾ ਕਾਰਤੂਸ, ਪੰਜਾਬ ਪੁਲੀਸ ਦੀਆਂ ਤਿੰਨ ਵਰਦੀਆਂ, ਦੋ ਮੋਬਾਈਲ, ਇਕ ਡੋਂਗਲ ਤੇ ਸਿੰਮ ਕਾਰਡ ਬਰਾਮਦ ਕੀਤੇ ਹਨ।
ਪੰਜਾਬ ਪੁਲੀਸ ਨੇ ਦਿੱਲੀ ਪੁਲੀਸ ਵਲੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਪ੍ਰਿਆਵਰਤ ਫੌਜੀ ਅਤੇ ਕੇਸ਼ਬ ਸਣੇ ਅੰਕਿਤ ਸੇਰਸਾ ਨੂੰ ਮਾਨਸਾ ਲਿਆਉਣ ਦੀ ਕਾਨੂੰਨੀ ਚਾਰਾਜੋਈ ਆਰੰਭ ਦਿੱਤੀ ਗਈ ਹੈ। ਉਹ ਇਸ ਵੇਲੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹਨ। ਪੁਲੀਸ ਉਨ੍ਹਾਂ ਦਾ ਪ੍ਰੋਡਕਸ਼ਨ ਵਾਰੰਟ ਮੰਗ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦਾ ਟਰਾਂਜ਼ਿਟ ਰਿਮਾਂਡ ਲੈ ਕੇ ਮਾਨਸਾ ਲਿਆਉਣ ਦੀ ਤਿਆਰੀ ਕੀਤੀ ਜਾਵੇਗੀ। ਮਾਨਸਾ ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਕੋਲ ਵੀ ਕਾਨੂੰਨ ਜ਼ਰੀਏ ਪ੍ਰਿਆਵਰਤ ਫੌਜੀ,ਕਸਿਸ਼ ਅਤੇ ਕੇਸ਼ਵ ਨੂੰ ਪੰਜਾਬ ਲਿਆ ਕੇ ਪੁੱਛਗਿੱਛ ਕਰਨ ਲਈ ਕਾਨੂੰਨ ਅਨੁਸਾਰ ਅਪੀਲ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਅਦਾਲਤ ਨੇ ਇੱਕ ਵਾਰ ਟਰਾਂਜ਼ਿਟ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਪਰ ਹੁਣ ਪੰਜਾਬ ਪੁਲੀਸ ਵੱਲੋਂ ਤਿਹਾੜ ਜੇਲ੍ਹ ਜਾ ਕੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਨੂੰ ਲੈਣ ਦਾ ਉਪਰਾਲਾ ਕੀਤਾ ਜਾਵੇਗਾ।