ਅੰਮ੍ਰਿਤਸਰ, 30 ਜੂਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਮਿਸ ਗਾਈਡਿਡ ਮਿਜ਼ਾਈਲ ਕਰਾਰ ਦਿੱਤਾ ਹੈ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਆ ਕੇ ਵੱਖ ਵੱਖ ਐਲਾਨ ਕਰਨ ’ਤੇ ਇਤਰਾਜ਼ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਕਾਰਵਾਈ ਆਖਿਆ। ਉਹ ਅੱਜ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਸਨ। ਉਨ੍ਹਾਂ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੀ ਸਨ। ਸ੍ਰੀ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰਦਿਆਂ ਉਨ੍ਹਾਂ ਮੀਡੀਆ ਨੂੰ ਆਖਿਆ ਕਿ ਉਹ ਮਿਸ ਗਾਈਡਿਡ ਮਿਜ਼ਾਈਲ ਹੈ, ਜੋ ਕਿਸੇ ਪਾਸੇ ਵੀ ਚੱਲ ਸਕਦੀ ਹੈ।

ਉਸ ’ਤੇ ਕ੍ਰਿਕਟਰ ਤੋਂ ਸਿਆਸਤਦਾਨ ਬਣਨ ਤੱਕ ਦੇ ਪਿਛੋਕੜ ਦੀ ਗੱਲ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਉਹ ਹਰ ਥਾਂ ਹੀ ਵਿਵਾਦਤ ਰਿਹਾ। ਪੰਜਾਬ ਨੂੰ ਅਜਿਹੇ ਡਰਾਮੇ ਕਰਨ ਵਾਲੇ ਸ਼ਖ਼ਸ ਦੀ ਲੋੜ ਨਹੀਂ, ਸਗੋਂ ਸੁਲਝੇ ਹੋਏ ਆਗੂ ਦੀ ਲੋੜ ਹੈ। ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਤਿੰਨ ਸੌ ਯੂਨਿਟ ਬਿਜਲੀ ਮੁਫ਼ਤ ਕਰਨ ਦੇ ਐਲਾਨ ਬਾਰੇ ਉਨ੍ਹਾਂ ਇਸ ਨੂੰ ਗੁੰਮਰਾਹ ਕਰਨ ਵਾਲੀ ਕਾਰਵਾਈ ਆਖਿਆ। ਉਨ੍ਹਾਂ ਕਿਹਾ ਕਿ ਜੋ ਗੱਲ ਨੂੰ ਦਿੱਲੀ ਵਿੱਚ ਲਾਗੂ ਨਹੀਂ ਕੀਤੀ ਜਾ ਸਕੀ ਉਸ ਨੂੰ ਪੰਜਾਬ ਵਿੱਚ ਕਿਵੇਂ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਐਲਾਨ ਸਿਰਫ਼ ਵੋਟਾਂ ਦੀ ਰਾਜਨੀਤੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਨਿੱਤ ਵਧ ਰਹੀਆਂ ਕੀਮਤਾਂ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਵਾਂ ਨੂੰ ਹੀ ਪੈਟਰੋਲ ਅਤੇ ਡੀਜ਼ਲ ਤੋਂ ਆਪਣੇ ਖ਼ਜ਼ਾਨੇ ਭਰਨ ਦੀ ਥਾਂ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੈਟਰੋਲ ਦੀ ਕੀਮਤ ਨੂੰ ਘੱਟੋ ਘੱਟ 30 ਰੁਪਏ ਪ੍ਰਤੀ ਲਿਟਰ ਘੱਟ ਕੀਤਾ ਜਾ ਸਕਦਾ ਹੈ।