ਅੰਮ੍ਰਿਤਸਰ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਲੁਧਿਆਣਾ ਅਗਨੀ ਕਾਂਡ ਵਿੱਚ ਮਾਰੇ ਗਏ ਫਾਇਰ ਕਰਮੀਆਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਇਆ। ਸ੍ਰੀ ਸਿੱਧੂ ਸਬ-ਫਾਇਰ ਅਫ਼ਸਰ ਸੈਮੂਅਲ ਗਿੱਲ ਅਤੇ ਰਾਜਿੰਦਰ ਸ਼ਰਮਾ ਦੇ ਘਰ ਗਏ ਸਨ।
ਸ੍ਰੀ ਸਿੱਧੂ ਨੇ ਬਾਅਦ ਵਿੱਚ ਐਲਾਨ ਕੀਤਾ ਕਿ ਸੂਬੇ ਵਿੱਚ ਫਾਇਰ ਬ੍ਰਿਗੇਡ ਵਿਭਾਗ ਦਾ ਨਵੀਨੀਕਰਨ ਕੀਤਾ ਜਾਵੇਗਾ ਅਤੇ ਇਸ ਨੂੰ ਆਧੁਨਿਕ ਉਪਕਰਨਾਂ ਨਾਲ ਲੈਸ ਕੀਤਾ ਜਾਵੇਗਾ। ਇਸ ਸਬੰਧੀ ਪੰਜਾਹ ਕਰੋੜ ਰੁਪਏ ਦੀ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਇਸ ਦੇ ਨਵੀਨੀਕਰਨ ਲਈ ਹੋਰ 70 ਕਰੋੜ ਰੁਪਏ ਦੀ ਲੋੜ ਹੋਵੇਗੀ। ਵਿਭਾਗ ਵਿੱਚ 500 ਕਰਮਚਾਰੀ ਭਰਤੀ ਕੀਤੇ ਜਾਣਗੇ। ਲੁਧਿਆਣਾ ਵਿੱਚ ਅੱਠ ਕਰੋੜ ਦੀ ਲਾਗਤ ਨਾਲ ਫਾਇਰ ਸਟੇਸ਼ਨ ਦਫ਼ਤਰ ਸਥਾਪਤ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਮੁਹਾਲੀ ਅਤੇ ਅੰਮ੍ਰਿਤਸਰ ਵਿੱਚ ਦਫ਼ਤਰ ਸਥਾਪਤ ਕਰਨ ਲਈ ਚਾਰ ਕਰੋੜ ਰੁਪਏ ਖਰਚੇ ਜਾਣਗੇ।
ਸ੍ਰੀ ਸਿੱਧੂ ਨੇ ਕਿਹਾ ਕਿ ਜਿਹੜੀਆਂ ਗ਼ੈਰਕਾਨੂੰਨੀ ਵਪਾਰਕ ਇਮਾਰਤਾਂ ਹਨ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਲੁਧਿਆਣਾ ਵਿੱਚ ਬਹੁਤ ਸਾਰੀਆਂ ਇਮਾਰਤਾਂ 60 ਫੁੱਟ ਉਚੀਆਂ ਹਨ ਪਰ ਇਨ੍ਹਾਂ ਦੇ ਆਸੇ-ਪਾਸੇ ਇੱਕ ਇੰਚ ਥਾਂ ਵੀ ਖਾਲੀ ਨਹੀਂ ਹੈ। ਕਾਨੂੰਨ ਅਨੁਸਾਰ ਘੱਟੋ-ਘੱਟ 15 ਫੁੱਟ ਖਾਲੀ ਥਾਂ ਵਪਾਰਕ ਇਮਾਰਤਾਂ ਦੇ ਆਸੇ-ਪਾਸੇ ਹੋਣੀ ਚਾਹੀਦੀ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਦਸ ਸਾਲਾਂ ਵਿੱਚ ਫਾਇਰ ਬ੍ਰਿਗੇਡ ਨੂੰ ਕੇਵਲ 27 ਗੱਡੀਆਂ ਦਿੱਤੀਆਂ ਸਨ ਜਦਕਿ ਮੌਜੂਦਾ ਸਰਕਾਰ ਨੇ ਪਿਛਲੇ ਛੇ ਮਹੀਨਿਆਂ ਵਿੱਚ 94 ਗੱਡੀਆਂ ਮੁਹੱਈਆ ਕਰਾਈਆਂ ਹਨ।