ਨਵੀਂ ਦਿੱਲੀ, 4 ਨਵੰਬਰ

ਕਾਂਗਰਸ ਆਗੂ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਅਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਤੇ ‘ਆਪ’ ਦੇ ਬਾਗ਼ੀ ਵਿਧਾਇਕ ਸੁਖਪਾਲ ਖਹਿਰਾ ਨੇ ਜੰਤਰ ਮੰਤਰ ’ਤੇ ਦਿੱਤੇ ਧਰਨੇ ਦੌਰਾਨ ਖੇਤੀ ਕਾਨੂੰਨਾਂ ਦੇ ਨਾਂ ’ਤੇ ਪੰਜਾਬ ਨਾਲ ਕੀਤੇ ਧੱਕੇ ਨੂੰ ਪ੍ਰਮੁੱਖਤਾ ਨਾਲ ਉਭਾਰਿਆ। ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਆਪਣੇ ਵਜ਼ਾਰਤੀ ਸਾਥੀਆਂ ਨਾਲ ਦਿੱਤੇ ਧਰਨੇ ਦੌਰਾਨ ਕਿਹਾ ਕਿ ਕੇਂਦਰ ਨੇ ਸੰਘੀ ਢਾਂਚੇ ’ਤੇ ਹੱਲਾ ਬੋਲਿਆ ਹੈ ਅਤੇ ਕਿਸਾਨਾਂ ਨੂੰ ਕਾਲੇ ਅੰਗਰੇਜ਼ਾਂ ਯਾਨੀ ਕਾਰਪੋਰੇਟਾਂ ਦੇ ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਕਠਪੁਤਲੀ ਬਣਾਉਣ ਦੀ ਚਾਲ ਚੱਲੀ ਹੈ। ਉਨ੍ਹਾਂ ਕਿਹਾ ਕਿ 17 ਲੱਖ ਕਰੋੜ ਦਾ ‘ਐੱਨਪੀਏ’ ਮੁਆਫ਼ ਕਰ ਦਿੱਤਾ ਜਦਕਿ ਗ਼ਰੀਬਾਂ ਨੂੰ ਸਬਸਿਡੀ ਨਾਲ ਸਾਰ ਦਿੱਤਾ ਗਿਆ। ਅਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੇਂਦਰ ਪੰਜਾਬੀਆਂ ਨੂੰ ਗੋਡੇ ਹੇਠਾਂ ਦੱਬਣਾ ਚਾਹੁੰਦਾ ਹੈ, ਪਰ ਪੰਜਾਬੀ ਸ਼ਾਨ ਨਾਲ ਜਿਊਣ ਵਾਲੇ ਹਨ ਜਿਸ ਕਰਕੇ ਉਹ ਨਹੀਂ ਝੁਕਣਗੇ। ਉਨ੍ਹਾਂ ਅਕਾਲੀਆਂ ਤੇ ‘ਆਪ’ ਨੂੰ ਕਿਸਾਨ ਸੰਘਰਸ਼ ਲਈ ਇੱਕ ਹੋਣ ਅਤੇ ਕੇਂਦਰ ਨਾਲ ਲੰਬੀ ਲੜਾਈ ਲੜਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਨਾਲ ਪਹਿਲਾਂ ਵੀ ਧੱਕਾ ਹੁੰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਹੁਣ ਪ੍ਰਦਰਸ਼ਨਕਾਰੀਆਂ ਨੂੰ ਟਿੱਚਰਾਂ ਕਰ ਕੇ ਤੇ ਚਿੜਾ ਕੇ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।